ਸਰਕਾਰ ਨੂੰ ਕਿਸੇ ਵੀ ਕੀਮਤ 'ਤੇ ਪਿੰਡ ਦੀ ਜ਼ਮੀਨ ਐਕਵਾਇਰ ਨਹੀਂ ਕਰਨ ਦਿੱਤੀ ਜਾਵੇਗੀ- ਪਿੰਡ ਵਾਸੀ
ਅਜੀਤ ਡੈਸਕ
19-06-2025
ਰਾਜਾਸਾਂਸੀ, 18 ਜੂਨ (ਹਰਦੀਪ ਸਿੰਘ ਖੀਵਾ)-ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਝੰਜੋਟੀ ਵਿਖੇ ਪੰਜਾਬ ਸਰਕਾਰ ਵਲੋਂ ਲੈਂਡ ਪੂਲਿੰਗ ਐਕਟ ਅਧੀਨ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦਾ ਪਿੰਡ ਵਾਸੀਆਂ ਵਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ | ਪਿੰਡ ਵਾਸੀਆਂ ਵਲੋਂ ਪਿੰਡ 'ਚ ਪਾਰਟੀਬਾਜ਼ੀ ਤੋਂ ਉੁੱਪਰ ਉੱਠ ਕੇ ਸਾਂਝੇ ਤੌਰ 'ਤੇ ਇਕ ਭਰਵੀਂ ਮੀਟਿੰਗ ਦੌਰਾਨ ਸਰਕਾਰ ਵਲੋਂ ਜ਼ਮੀਨ ਐਕਵਾਇਰ ਕਰਨ ਦਾ ਡੱਟ ਕੇ ਵਿਰੋਧ ਕਰਨ ਦਾ ਫ਼ੈਸਲਾ ਲਿਆ ਗਿਆ | ਇਸ ਸੰਬੰਧੀ ਕਿਸਾਨ ਆਗੂ ਬਲਰਾਮ ਸਿੰਘ ਝੰਜੋਟੀ, ਕਿਸਾਨ ਆਗੂ ਮਿੰਟੂ ਝੰਜੋਟੀ, ਸਾਬਕਾ ਸਰਪੰਚ ਲਖਵਿੰਦਰ ਸਿੰਘ ਝੰਜੋਟੀ, ਸਾਬਕਾ ਸਰਪੰਚ ਭਗਤ ਸਿੰਘ ਝੰਜੋਟੀ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਨ ਉਪਰੰਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲੈਂਡ ਪੂਲਿੰਗ ਐਕਟ ਅਧੀਨ ਜਿੱਥੇ ਲੋਕਾਂ ਕੋਲੋਂ ਜ਼ਮੀਨ ਖੋਹੀ ਜਾ ਰਹੀ ਹੈ ਇਸ ਤਹਿਤ ਪਿੰਡ ਝੰਜੋਟੀ ਦੀ ਜਬਰਦਸਤੀ ਜ਼ਮੀਨ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਵਿਰੋਧ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਸਰਕਾਰ ਨੂੰ ਕਿਸੇ ਵੀ ਕੀਮਤ 'ਤੇ ਆਪਣੇ ਪਿੰਡ ਦੀ ਜ਼ਮੀਨ ਨਹੀਂ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜਿੱਥੇ ਸਰਕਾਰ ਕਿਸਾਨਾਂ ਨੂੰ ਬੇ-ਜ਼ਮੀਨਾ ਕਰਨਾ ਚਾਹੁੰਦੀ ਹੈ ਅਤੇ ਉਹ ਸਰਕਾਰ ਦੇ ਇਸ ਜ਼ਮੀਨ ਐਕਵਾਇਰ ਕਰਨ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕਰਦੇ ਹਨ ਉੱਥੇ ਹੀ ਪਿੰਡ ਵਾਸੀਆਂ ਵਲੋਂ ਜ਼ਮੀਨ ਐਕਵਾਇਰ ਕਰਨ ਦੇ ਵਿਰੋਧ ਵਿਚ ਇਕ ਮਤਾ ਵੀ ਪਾਇਆ ਗਿਆ ਜਿੱਥੇ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ | ਉਨ੍ਹਾਂ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ਨਾਲ ਕਿਹਾ ਭਾਵੇਂ ਪਿੰਡ ਦੀ ਪੰਚਾਇਤ ਦੀ ਜ਼ਮੀਨ ਹੋਵੇ ਜਾਂ ਕਿਸੇ ਕਿਸਾਨ ਦੀ ਮਾਲਕੀ, ਇਕ ਇੰਚ ਵੀ ਜ਼ਮੀਨ ਐਕਵਾਇਰ ਨਹੀਂ ਕਰਨ ਦਿਆਂਗੇ | ਇਸ ਮੌਕੇ ਬਲਬੀਰ ਸਿੰਘ, ਹਰਜਿੰਦਰ ਸਿੰਘ, ਦਲਬੀਰ ਸਿੰਘ, ਪਰਮਜੀਤ ਸਿੰਘ, ਦਵਿੰਦਰ ਸਿੰਘ ਪੱਕੇ ਬੂਹੇ ਵਾਲੇ, ਨਿਰਵੈਰ ਸਿੰਘ ਸਾਹ, ਸੁਖਦੇਵ ਸਿੰਘ, ਜਗਤਾਰ ਸਿੰਘ, ਜਸਬੀਰ ਸਿੰਘ, ਕੁਲਵੰਤ ਸਿੰਘ ਸ਼ਾਹ, ਬਲਗੀਰ ਸਿੰਘ, ਤੇਜਬੀਰ ਸਿੰਘ, ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ |