ਵੇਰਕਾ, 20 ਜੂਨ (ਪਰਮਜੀਤ ਸਿੰਘ ਬੱਗਾ)-ਥਾਣਾ ਵੇਰਕਾ ਖੇਤਰ ਵਿਚ ਪੈਂਦੇ ਮੂਧਲ ਬਾਈਪਾਸ ਨੇੜੇ ਅਣਪਛਾਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੁਆਰਾ ਲੁੱਟ ਦੀ ਨੀਯਤ ਨਾਲ ਕਾਰ ਸਵਾਰ ਇਕ ਨਿੱਜੀ ਫਾਈਨੈਂਸ ਕੰਪਨੀ ਦੇ ਕਰਿੰਦੇ 'ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਸ਼ੁਭਮ ਕੋਹਲੀ ਪੁੱਤਰ ਰਵਿੰਦਰ ਕੋਹਲੀ ਵਾਸੀ ਰਾਣੀ ਕਾ ਬਾਗ ਅੰਮਿ੍ਤਸਰ ਨੇ ਦੱਸਿਆ ਕਿ ਇਕ ਨਿੱਜੀ ਫਾਈਨੈਂਸ ਕੰਪਨੀ ਰਾਹੀਂ ਬੈਂਕਾਂ ਰਾਹੀਂ ਲੋਨ ਦਿਵਾਉਣ ਦਾ ਕੰਮ ਕਰਦਾ ਹੈ ਤੇ ਕੰਮ ਸੰਬੰਧੀ ਹਫਤੇ ਵਿਚ ਦੋ ਤਿੰਨ ਵਾਰ ਬਟਾਲਾ ਤੇ ਗੁਰਦਾਸਪੁਰ ਆਉਣਾ ਜਾਣਾ ਪੈਂਦਾ ਹੈ ਤੇ ਅੱਜ ਸਵੇਰੇ ਉਹ ਆਪਣੀ ਕਾਰ 'ਤੇ ਸਵਾਰ ਹੋ ਕੇ ਅੰਮਿ੍ਤਸਰ ਤੋਂ ਬਟਾਲਾ ਲਈ ਰਵਾਨਾ ਹੋਇਆ ਸੀ ਤੇ ਜਦ ਉਹ ਮੂਧਲ ਵੇਰਕਾ ਬਾਈਪਾਸ ਵਿਚਕਾਰ ਪਿੰਡ ਫਤਿਹਗੜ੍ਹ ਸ਼ੂਕਰਚੱਕ ਨੂੰ ਜਾਂਦੇ ਲਿੰਕ ਸੜਕ ਤੇ ਬਣੇ ਫਲਾਈਓਵਰ ਪੁੱਲ ਦੀ ਸਰਵਿਸ ਲਾਈਨ ਰਾਹੀਂ ਲੰਘ ਰਿਹਾ ਸੀ ਕਿ ਅਚਾਨਕ ਪੁਲ ਹੇਠੋਂ ਨਿਕਲੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਜਿਨ੍ਹਾਂ ਪਰਨਿਆਂ ਨਾਲ ਸਿਰ 'ਤੇ ਮੂੰਹ ਢੱਕੇ ਹੋਏ ਸਨ ਜਿਨ੍ਹਾਂ ਨੇ ਕਾਰ ਸਾਹਮਣੇ ਆ ਕੇ ਉਸ ਉਪਰ ਰਿਵਾਲਵਰ ਨਾਲ ਦੋ ਗੋਲੀਆ ਚਲਾਈਆਂ, ਪਰ ਉਹ ਵਾਲ-ਵਾਲ ਬੱਚ ਗਿਆ ਤੇ ਕਾਰ ਭਜਾ ਕੇ ਉਸਨੇ ਥਾਣਾ ਵੇਰਕਾ ਵਿਖੇ ਪਹੁੰਚ ਕੇ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਉਸ ਉਪਰ ਗੋਲੀਆਂ ਚਲਾਉਣ ਦਾ ਮਕਸਦ ਲੁੱਟ ਦਾ ਸ਼ੱਕ ਪ੍ਰਗਟਾਇਆ | ਜਾਣਕਾਰੀ ਉਪਰੰਤ ਪੁਲਿਸ ਨੇ ਤੁਰੰਤ ਕਾਰ ਚਾਲਕ ਨਾਲ ਜਾ ਕੇ ਵਾਰਦਾਤ ਵਾਲੀ ਥਾਂ ਦੀ ਜਾਂਚ ਕੀਤੀ | ਇਸ ਸੰਬੰਧੀ ਥਾਣਾ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਕਾਰ ਚਾਲਕ ਸ਼ੁਭਮ ਕੋਹਲੀ ਦੁਆਰਾ ਦਿੱਤੇ ਬਿਆਨਾਂ 'ਤੇ ਮੋਟਰਸਾਈਕਲ ਸਵਾਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ |