ਅੰਮਿ੍ਤਸਰ, 20 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵਲੋਂ ਪ੍ਰੇਮਚੰਦ ਹਿੰਦੀ ਸਾਹਿਤ ਪਰਿਸ਼ਦ ਦੀ ਅਗਵਾਈ ਹੇਠ ਇਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ | ਇਸ ਮੌਕੇ ਸੀਮਾ ਸੁਰੱਖਿਆ ਬੱਲ (ਬੀ. ਐੱਸ. ਐੱਫ.), ਜਲੰਧਰ ਦੇ ਰਾਜਭਾਸ਼ਾ ਸੈਕਸ਼ਨ ਦੇ ਇੰਸਪੈਕਟਰ ਡਾ. ਬਿਹਾਰੀ ਝਾ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ | ਪ੍ਰੋ. ਸੁਨੀਲ ਨੇ ਡਾ. ਬਿਹਾਰੀ ਝਾ ਦਾ ਵਿਭਾਗ 'ਚ ਪੁੱਜਣ 'ਤੇ ਯਾਦਗਾਰੀ ਚਿੰਨ੍ਹ ਅਤੇ ਪੌਦਾ ਭੇਟ ਕਰਕੇ ਸਵਾਗਤ ਕੀਤਾ | ਪ੍ਰੋ. ਸੁਨੀਲ ਕੁਮਾਰ ਨੇ ਦੱਸਿਆ ਕਿ ਡਾ. ਬਿਹਾਰੀ ਝਾ ਦੀਆਂ ਕਈ ਕਵਿਤਾਵਾਂ ਵਿਭਾਗੀ ਮੈਗਜ਼ੀਨਾਂ 'ਚ ਛੱਪ ਚੁੱਕੀਆਂ ਹਨ | ਉਨ੍ਹਾਂ ਅਨੇਕ ਦੇਸ਼-ਭਗਤੀ ਗੀਤ ਲਿਖੇ ਹਨ, ਜਿਨ੍ਹਾਂ 'ਚੋਂ ਚਾਰ ਗੀਤ ਸੀਮਾ ਸੁਰੱਖਿਆ ਬਲ ਦੇ ਅਧਿਕਾਰਤ ਯੂਟਿਊਬ ਚੈਨਲ ਰਾਹੀਂ ਪ੍ਰਸਾਰਿਤ ਕੀਤੇ ਗਏ ਹਨ, ਜਿਸ ਨਾਲ ਸਰਹੱਦ 'ਤੇ ਤਾਇਨਾਤ ਜਵਾਨਾਂ ਨੂੰ ਆਪਣੇ ਫਰਜ਼ ਪ੍ਰਤੀ ਪ੍ਰੇਰਿਤ ਕੀਤਾ ਜਾ ਸਕੇ | ਡਾ. ਬਿਹਾਰੀ ਝਾ ਨੇ ਭਾਰਤ ਸਰਕਾਰ ਵਲੋਂ ਹਿੰਦੀ ਦੇ ਉਥਾਨ ਲਈ ਬਣਾਈਆਂ ਨੀਤੀਆਂ ਅਤੇ ਕੋਸ਼ਿਸ਼ਾਂ ਬਾਰੇ ਜਾਣਕਾਰੀ ਦਿੱਤੀ ਅਤੇ ਸੀਮਾ ਸੁਰੱਖਿਆ ਬੱਲ 'ਚ ਹਿੰਦੀ ਰਾਹੀਂ ਕੀਤੇ ਜਾਣ ਵਾਲੇ ਕੰਮਾਂ ਦਾ ਜ਼ਿਕਰ ਕੀਤਾ | ਉਨ੍ਹਾਂ ਕਿਹਾ ਕਿ ਹਿੰਦੀ 'ਚ ਰੁਜ਼ਗਾਰ ਦੀਆਂ ਬਹੁਤ ਸੰਭਾਵਨਾਵਾਂ ਹਨ ਅਤੇ ਸਾਨੂੰ ਦਿਲ ਨਾਲ ਹਿੰਦੀ ਨਾਲ ਜੁੜਨਾ ਚਾਹੀਦਾ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਿੰਦੀ ਵਿਚ ਸਿਰਜਣਾਤਮਕ ਲਿਖਤ ਕਰਨ ਲਈ ਪ੍ਰੇਰਿਤ ਕੀਤਾ |