ਅੰਮਿ੍ਤਸਰ, 20 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਉਪ ਕੁਲਪਤੀ ਪ੍ਰੋ: ਕਰਮਜੀਤ ਸਿੰਘ ਦੀ ਅਗਵਾਈ ਹੇਠ ਪਿਛਲੇ ਤਕਰੀਬਨ 25-30 ਸਾਲ ਤੋਂ ਕੱਚੇ ਕਰਮਚਾਰੀਆਂ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ 4 ਕਰਮਚਾਰੀਆਂ ਨੂੰ ਪੱਕਾ ਕੀਤਾ ਗਿਆ ਹੈ | ਯੂਨੀਵਰਸਿਟੀ ਵਿਖੇ ਇਸ ਸਾਲ ਹੋਈਆਂ ਪ੍ਰੋਮੋਸ਼ਨਾਂ ਉਪਰੰਤ ਪਬਲੀਕੇਸ਼ਨ ਵਿਭਾਗ ਦੇ ਹਰਜੀਤ ਸਿੰਘ, ਸੁਖਵਿੰਦਰ ਸਿੰਘ, ਤਰਸੇਮ ਸਿੰਘ ਅਤੇ ਨਵੀਨ ਕੁਮਾਰ ਨੂੰ ਪੱਕੇ ਕਰਮਚਾਰੀਆਂ ਵਜੋਂ ਹੁਕਮ ਦਿੱਤੇ ਗਏ ਹਨ | ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਅੱਜ ਇਨ੍ਹਾਂ ਪੱਕੇ ਹੋਏ ਕਰਮਚਾਰੀਆਂ ਨੂੰ ਲਿਖਤੀ ਹੁਕਮ ਸੌਂਪੇ | ਇਸ ਮੌਕੇ ਨਾਨ-ਟੀਚਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਜ਼ਨੀਸ਼ ਭਾਰਦਵਾਜ ਨੇ ਇਨ੍ਹਾਂ ਕਰਮਚਾਰੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ 'ਚ ਇਨ੍ਹਾਂ ਦੇ ਨਾਲ-ਨਾਲ ਯੂਨੀਵਰਸਿਟੀ ਦੇ ਹਰੇਕ ਕਰਮਚਾਰੀਆਂ ਨਾਲ ਖੜ੍ਹਨ ਦਾ ਅਹਿਦ ਵੀ ਦੁਹਰਾਇਆ | ਉਨ੍ਹਾਂ ਦੱਸਿਆ ਕਿ ਇਹ ਕਰਮਚਾਰੀ ਪਿਛਲ਼ੇ ਕਈ ਸਾਲਾਂ ਤੋਂ ਕੱਚੇ ਸਨ ਅਤੇ ਅੱਜ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਸੁਹਿਰਦ ਯਤਨਾਂ ਸਦਕਾ ਇਨ੍ਹਾਂ ਕਰਮਚਾਰੀਆਂ ਨੂੰ ਪੱਕੇ ਕਰਮਚਾਰੀਆਂ ਵਜੋਂ ਹੁਕਮ ਮਿਲੇ ਹਨ | ਉਨ੍ਹਾਂ ਕਿਹਾ ਕਿ ਉਪ ਕੁਲਪਤੀ ਦਾ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਪ੍ਰਤੀ ਵਰਤੀਰਾ ਹਾਂ ਪੱਖੀ ਹੈ ਅਤੇ ਉਹ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਸੰਜੀਦਾ ਹਨ |