ਅੰਮਿ੍ਤਸਰ, 20 ਜੂਨ (ਹਰਮਿੰਦਰ ਸਿੰਘ)-ਨਗਰ ਨਿਗਮ ਵਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ 20 ਜੂਨ ਤੋਂ 30 ਜੂਨ ਤੱਕ ਪਛੱਮੀ, ਦੱਖਣੀ, ਉੱਤਰੀ ਅਤੇ ਪੂਰਬੀ ਹਲਕਿਆਂ 'ਚ ਅਣ-ਅਧਿਕਾਰਤ ਪਾਣੀ ਅਤੇ ਸੀਵਰੇਜ ਦੇ ਕੁਨੈਕਸ਼ਨਾਂ ਨੂੰ ਰੈਗੂਲਰ ਕਰਵਾਉਣ ਅਤੇ ਬਿਨਾਂ ਵਿਆਜ ਜ਼ੁਰਮਾਨੇ ਦੇ ਪਿਛਲੇ ਸਾਲਾਂ ਦਾ ਪ੍ਰਾਪਰਟੀ ਟੈਕਸ ਭਰਨ ਲਈ ਲਗਾਏ ਜਾ ਰਹੇ ਹਨ | ਇਸ ਸੰਬੰਧੀ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਪਾਣੀ, ਸੀਵਰੇਜ ਅਤੇ ਪ੍ਰਾਪਰਟੀ ਟੈਕਸ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਇਸ ਮੀਟਿੰਗ 'ਚ ਵਧੀਕ ਕਮਿਸ਼ਨਰ ਵਲੋਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਇਨ੍ਹਾਂ ਕੈਂਪਾਂ ਨੂੰ ਲਗਾਉਣ ਤੋਂ ਪਹਿਲਾਂ ਸੰਬੰਧਿਤ ਇਲਾਕੇ 'ਚ ਸ਼ਹਿਰ ਵਾਸੀਆਂ ਦੀ ਜਾਣਕਾਰੀ ਲਈ ਬਕਾਇਦਾ ਪ੍ਰਚਾਰ ਕੀਤਾ ਜਾਵੇ, ਹੋਰਡਿੰਗ ਲਗਾਏ ਜਾਣ ਅਤੇ ਇਲਾਕਾ ਕੌਂਸਲਰ ਨਾਲ ਤਾਲਮੇਲ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਇਨ੍ਹਾਂ ਕੈਂਪਾਂ ਦਾ ਲਾਭ ਉਠਾਉਣ ਲਈ ਜਾਗਰੂਕ ਕੀਤਾ ਜਾਵੇ | ਇਸ ਮੌਕੇ ਕਾਰਜਕਾਰੀ ਇੰਜੀਨੀਅਰ ਭਲਿੰਦਰ ਸਿੰਘ, ਗੁਰਜਿੰਦਰ ਸਿੰਘ, ਮਨਜੀਤ ਸਿੰਘ, ਸਵਰਾਜਇੰਦਰ ਪਾਲ ਸਿੰਘ, ਸਹਾਇਕ ਕਮਿਸ਼ਨਰ ਰਾਜਿੰਦਰ ਸ਼ਰਮਾ, ਅਸਟੇਟ ਅਫਸਰ ਧਰਮਿੰਦਰਜੀਤ ਸਿੰਘ, ਸੁਪਰਡੈਂਟ ਸਤਨਾਮ ਸਿੰਘ, ਪ੍ਰਾਪਰਟੀ ਇੰਸਪੈਕਟਰ ਸ਼ਿਵ ਪ੍ਰਸ਼ਾਦ ਅਤੇ ਤਰਸੇਮ ਸਿੰਘ ਸਹੋਤਾ ਆਦਿ ਮੌਜੂਦ ਸਨ | ਵਧੀਕ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਦੀ ਸਹੂਲਤ ਲਈ ਪਿਛਲੇ ਸਾਲਾਂ ਦਾ ਪ੍ਰਰਾਪਰਟੀ ਟੈਕਸ ਵਸੂਲ ਕਰਨ ਲਈ 'ਵੰਨ ਟਾਇਮ ਸੈਟਲਮੈਂਟ' ਸਕੀਮ ਲਾਗੂ ਕੀਤੀ ਗਈ ਹੈ, ਜਿਸ ਅਧੀਨ ਲੋਕ 31 ਜੁਲਾਈ 2025 ਤੱਕ ਬਿਨਾਂ ਵਿਆਜ ਅਤੇ ਜ਼ੁਰਮਾਨੇ ਦੇ ਟੈਕਸ ਦੀ ਅਦਾਇਗੀ ਕਰ ਸਕਦੇ ਹਨ ਉਕਤ ਜੋ ਕੈਂਪ ਲਗਾਏ ਜਾ ਰਹੇ ਉਨ੍ਹਾਂ 'ਚ ਪ੍ਰਾਪਰਟੀ ਟੈਕਸ ਵਿਭਾਗ ਦੇ ਮੁਲਾਜ਼ਮ ਵੀ ਬੈਠਣਗੇ |