ਅੰਮਿ੍ਤਸਰ, 17 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ ਟੀਚਿੰਗ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ 'ਚ ਯੂਨੀਵਰਸਿਟੀ ਕਰਮਚਾਰੀ ਡੈਮੋਕ੍ਰੇਟਿਕ ਫਰੰਟ ਇੰਪਲਾਈਜ਼ ਫਰੰਟ ਚੋਣ ਨਿਸ਼ਾਨ ਉੱਡਦਾ ਬਾਜ਼ ਨੇ ਵਿਰੋਧੀ ਧਿਰ ਡੈਮੋਕ੍ਰੇਟਿਕ ਇੰਪਲਾਈਜ਼ ਫਰੰਟ ਨੂੰ ਮਾਤ ਦਿੰਦੇ ਹੋਏ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ | ਚੋਣ ਅਧਿਕਾਰੀ ਕਮ ਰਿਟਰਨਿੰਗ ਅਫਸਰ ਪ੍ਰੋ: ਡਾ. ਬਲਜਿੰਦਰ ਸਿੰਘ ਬੱਲ ਵਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਚੋਣ ਦੌਰਾਨ 880 ਦੇ ਕਰੀਬ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ, ਜਿਸ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਇਲਾਵਾ ਜਲੰਧਰ ਕੈਂਪਸ ਤੇ ਗੁਰਦਾਸਪੁਰ ਕੈਂਪਸ ਦੇ ਵੋਟਰ ਵੀ ਸ਼ਾਮਿਲ ਸਨ | ਪ੍ਰੋ: ਡਾ. ਬਲਜਿੰਦਰ ਸਿੰਘ ਬੱਲ ਨੇ ਦੱਸਿਆ ਕਿ ਯੂ.ਕੇ.ਡੀ.ਐੱਫ. ਵਲੋਂ ਹਰਦੀਪ ਸਿੰਘ ਨਾਗਰਾ ਪ੍ਰਧਾਨ, ਰਜਿੰਦਰ ਸਿੰਘ ਸਕੱਤਰ, ਸੀਨੀਅਰ ਉਪ ਪ੍ਰਧਾਨ ਪ੍ਰਗਟ ਸਿੰਘ, ਉਪ ਪ੍ਰਧਾਨ ਰੇਸ਼ਮ ਸਿੰਘ, ਸੰਯੁਕਤ ਸਕੱਤਰ ਗੁਰਪ੍ਰੀਤ ਸਿੰਘ ਦਰਦੀ, ਖਜਾਨਚੀ ਹਰਦੀਪ ਸਿੰਘ, ਸਕੱਤਰ ਪਬਲਿਕ ਰਿਲੇਸ਼ਨ ਨਰੇਸ਼ ਕੁਮਾਰ ਤੋਂ ਇਲਾਵਾ ਸਤਨਾਮ ਸਿੰਘ, ਹਿੰਦਰ ਕੁਮਾਰ ਸ਼ਰਮਾ, ਹਰੀ ਕਿਸ਼ੋਰ ਮੰਡਲ, ਕਰਨ ਕਲਿਆਣੀ, ਕਾਲਾ, ਚਰਨਜੀਤ ਸਿੰਘ ਭੁੱਲਰ, ਭੋਮਾ ਰਾਮ, ਮੋਹਨਦੀਪ ਸਿੰਘ, ਮਨਜਿੰਦਰ ਸਿੰਘ ਤੇ ਰਛਪਾਲ ਸਿੰਘ ਗਿੱਲ ਨੇ ਕਾਰਜਕਾਰਨੀ ਮੈਂਬਰਾਂ ਵਜੋਂ ਜਿੱਤ ਹਾਸਿਲ ਕੀਤੀ ਹੈ | ਇਸ ਮੌਕੇ ਪ੍ਰਧਾਨ ਹਰਦੀਪ ਸਿੰਘ ਨਾਗਰਾ ਨੇ ਯੂਨੀਵਰਸਿਟੀ ਦੇ ਸਮੂਹ ਕਰਮਚਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਖ਼ਾਸ ਤੌਰ 'ਤੇ ਉਨ੍ਹਾਂ ਮਹਿਲਾ ਕਰਮਚਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਦੀ ਸਰਗਰਮ ਹਿੱਸੇਦਾਰੀ ਅਤੇ ਵੱਡੇ ਪੱਧਰ ਦੀ ਵੋਟਿੰਗ ਇਸ ਜਿੱਤ ਦਾ ਮੁੱਖ ਆਧਾਰ ਰਹੀ | ਉਨ੍ਹਾਂ ਨੇ ਜਲੰਧਰ ਕਾਲਜ, ਜਲੰਧਰ ਕੈਂਪਸ, ਗੁਰਦਾਸਪੁਰ ਕੈਂਪਸ ਅਤੇ ਵੱਖ-ਵੱਖ ਸੰਬੰਧਿਤ ਕਾਲਜਾਂ ਦੇ ਕਰਮਚਾਰੀਆਂ ਦਾ ਵੀ ਸ਼ੁਕਰੀਆ ਅਦਾ ਕੀਤਾ ਜਿਨ੍ਹਾਂ ਨੇ ਇਕਜੁੱਟਤਾ ਨਾਲ ਗਰੁੱਪ ਦੇ ਹੱਕ 'ਚ ਵੋਟ ਪਾ ਕੇ ਆਪਣਾ ਸਹਿਯੋਗ ਦਿੱਤਾ | ਪ੍ਰਧਾਨ ਹਰਦੀਪ ਸਿੰਘ ਨਾਗਰਾ ਨੇ ਚੋਣ ਪ੍ਰਕਿਰਿਆ ਨੂੰ ਇਮਾਨਦਾਰੀ ਅਤੇ ਪੂਰੀ ਪਾਰਦਰਸ਼ਤਾ ਨਾਲ ਸੰਪੰਨ ਕਰਨ ਲਈ ਰਿਟਰਨਿੰਗ ਅਫਸਰ ਡਾ. ਪ੍ਰੋ: ਬਲਜਿੰਦਰ ਸਿੰਘ ਬੱਲ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਵੀ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਯੂ. ਕੇ. ਡੀ. ਐੱਫ. (ਨਾਗਰਾ ਗਰੁੱਪ) ਹਮੇਸ਼ਾਂ ਕਰਮਚਾਰੀਆਂ ਦੀ ਭਲਾਈ, ਇਜ਼ਤ ਅਤੇ ਹੱਕਾਂ ਦੀ ਆਵਾਜ਼ ਬਣਿਆ ਰਹੇਗਾ |