ਅੰਮਿ੍ਤਸਰ/ਸੁਲਤਾਨਵਿੰਡ, 23 ਅਕਤੂਬਰ (ਗਗਨਦੀਪ ਸ਼ਰਮਾ/ਗੁਰਨਾਮ ਸਿੰਘ ਬੁੱਟਰ)-ਪਨਬਸ ਵਰਕਰਾਂ ਦੇ ਰੋਸ ਪ੍ਰਦਰਸ਼ਨ ਕਾਰਨ ਬੱਸ ਆਵਾਜਾਈ ਕੁਝ ਸਮੇਂ ਲਈ ਪ੍ਰਭਾਵਿਤ ਰਹੀ | ਜਲੰਧਰ ਸਾਈਡ ਤੋਂ ਆਈਆਂ ਬੱਸਾਂ ਅੰਮਿ੍ਤਸਰ ਬੱਸ ਸਟੈਂਡ ਤੱਕ ਨਹੀਂ ਪਹੁੰਚ ਸਕੀਆਂ ਅਤੇ ਗੋਲਡਨ ਗੇਟ (ਅੰਮਿ੍ਤਸਰ) ਤੋਂ ਹੀ ਵਾਪਸ ਮੁੜ ਗਈਆਂ, ਜਦੋਂਕਿ ਅੰਮਿ੍ਤਸਰ ਤੋਂ ਜਲੰਧਰ, ਲੁਧਿਆਣਾ, ਅੰਬਾਲਾ, ਦਿੱਲੀ ਜਾਣ ਵਾਲੀਆਂ ਕੁਝ ਬੱਸਾਂ ਗੋਲਡਨ ਗੇਟ 'ਤੇ ਫਸ ਗਈਆਂ ਅਤੇ ਕੁਝ ਅਸਿੱਧੇ ਰਸਤੇ ਰਾਹੀਂ ਘੁੰਮਣ-ਘੇਰੀ ਖਾ ਕੇ ਰਵਾਨਾ ਹੋਈਆਂ | ਅਰਥਾਤ ਕਿ ਇਸ ਰੋਸ ਧਰਨੇ ਕਾਰਨ ਜਿੱਥੇ ਸਰਕਾਰ ਅਤੇ ਨਿੱਜੀ ਟਰਾਂਸਪੋਰਟਰਾਂ ਦੋਹਾਂ ਨੂੰ ਆਰਥਿਕ ਤੌਰ 'ਤੇ ਨੁਕਸਾਨ ਹੋਇਆ, ਉੱਥੇ ਆਮ ਲੋਕਾਂ ਸਮੇਤ ਟਿੱਕੇ ਦਾ ਤਿਉਹਾਰ ਮਨਾਉਣ ਆਉਣ-ਜਾਣ ਵਾਲੀਆਂ ਭੈਣਾਂ ਨੂੰ ਕੁਝ ਚਿਰ ਲਈ ਤੰਗ-ਪ੍ਰੇਸ਼ਾਨ ਹੋਣਾ ਪਿਆ | ਜ਼ਿਕਰਯੋਗ ਹੈ ਕਿ ਪਨਬਸ ਵਰਕਰਾਂ ਵਲੋਂ ਬੀਤੀ 14 ਅਕਤੂਬਰ ਨੂੰ ਵੀ ਪਹਿਲਾਂ ਬੱਸ ਸਟੈਂਡ ਅਤੇ ਬਾਅਦ 'ਚ ਇਸੇ ਗੋਲਡਨ ਗੇਟ 'ਤੇ ਤਕਰੀਬਨ 4 ਘੰਟੇ ਚੱਕਾ ਜਾਮ ਕੀਤਾ ਗਿਆ ਸੀ | ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅੰਮਿ੍ਤਸਰ ਤੋਂ ਦੁਪਹਿਰ 12 ਵਜੇ ਤੋਂ ਬਾਅਦ ਦਿੱਲੀ ਜਾਣ ਵਾਲੀ ਬੱਸਾਂ ਦੀ ਸਰਵਿਸ ਬਹੁਤ ਘੱਟ ਹੈ | ਇਸ ਸਮੇਂ ਦੌਰਾਨ ਜ਼ਿਆਦਾਤਰ ਜਲੰਧਰ-ਲੁਧਿਆਣਾ ਦੀਆਂ ਬੱਸਾਂ ਦੀ ਆਵਾਜਾਈ ਰਹਿੰਦੀ ਹੈ | ਇਸ ਲਈ ਇਸ ਰੋਸ ਧਰਨੇ ਕਾਰਨ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪਿਆ, ਪਰ ਫੇਰ ਵੀ ਬੱਸ ਸੇਵਾ ਪ੍ਰਭਾਵਿਤ ਹੋਣ ਕਰਕੇ ਅੰਮਿ੍ਤਸਰ ਬੱਸ ਸਟੈਂਡ ਵਿਖੇ ਯਾਤਰੀਆਂ ਦੀ ਭੀੜ ਵੱਧ ਗਈ, ਜਿਨ੍ਹਾਂ ਨੂੰ ਘੱਟ ਬੱਸਾਂ ਚੱਲਣ ਕਾਰਨ ਥੋੜੇ ਸਮੇਂ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ |
ਪਨਬਸ ਵਰਕਰਾਂ ਦੇ ਰੋਸ ਪ੍ਰਦਰਸ਼ਨ ਕਾਰਨ ਬੱਸ ਆਵਾਜਾਈ ਪ੍ਰਭਾਵਿਤ <br/>
ਅਜੀਤ ਡੈਸਕ
24-10-2025