19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

'ਪੁਨਰਜੋਤ' ਵਲੋਂ ਸਪਰਿੰਗ ਡੇਲ ਸੀਨੀਅਰ ਸਕੂਲ ਵਿਖੇ 16ਵਾਂ ਸਾਲਾਨਾ ਮਾਂ-ਬੋਲੀ ਮੇਲਾ ਕਰਵਾਇਆ

ਅਜੀਤ ਡੈਸਕ 05-11-2025
ਅੰਮਿ੍ਤਸਰ, 4 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਡੇਲ ਸੀਨੀਅਰ ਸਕੂਲ ਵਿਖੇ ਅੱਜ 16ਵੇਂ ਸਾਲਾਨਾ ਮਾਂ-ਬੋਲੀ ਮੇਲਾ ਕਰਵਾਇਆ ਗਿਆ | ਸਪਰਿੰਗ ਡੇਲ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 2008 ਤੋਂ ਚੱਲਦਾ ਆ ਰਿਹਾ ਇਹ ਸਾਲਾਨਾ ਪ੍ਰੋਗਰਾਮ ਸਪਰਿੰਗ ਡੇਲ ਐਜੁਕੇਸ਼ਨਲ ਸੁਸਾਇਟੀ ਦੀ ਹੀ ਇਕ ਸ਼ਾਖਾ 'ਪੁਨਰਜੋਤ' ਵਲੋਂ ਆਯੋਜਿਤ ਕੀਤਾ ਜਾਂਦਾ ਹੈ ਜਿਸਦਾ ਮੰਤਵ ਨੌਜਵਾਨ ਪੀੜੀ 'ਚ ਆਪਣੇ ਅਮੀਰ ਪੰਜਾਬੀ ਵਿਰਸੇ ਪ੍ਰਤੀ ਪਿਆਰ ਪੈਦਾ ਕਰਨਾ ਹੈ | ਇਸ ਸਾਲ ਇਹ ਸੱਭਿਆਚਾਰਕ ਮੇਲਾ ਪ੍ਰਸਿੱਧ ਪੰਜਾਬੀ ਕਵੀ ਪ੍ਰੋ. ਮੋਹਨ ਸਿੰਘ ਨੂੰ ਸਮਰਪਿਤ ਸੀ, ਜਿਸ 'ਚ 15 ਦੇ ਕਰੀਬ ਸਕੂਲਾਂ ਤੋਂ ਆਏ ਪ੍ਰਤੀਯੋਗੀਆਂ ਨੇ ਭਾਗ ਲਿਆ | ਇਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁੱਖੀ ਪ੍ਰੋ: ਮਨਜਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੇਲੇ ਦੌਰਾਨ ਸੁਲੇਖ, ਕਾਵਿ-ਸਿਰਜਨ, ਕਾਵਿ-ਉਚਾਰਣ ਅਤੇ ਲੋਕ ਗਾਇਕੀ ਆਦਿ ਨਾਲ ਸੰਬੰਧਿਤ ਮੁਕਾਬਲੇ ਕਰਾਏ ਗਏ | ਗੁਰੂ ਨਾਨਕ ਦੇਵ ਗਲੋਬਲ ਅਕੈਡਮੀ, ਚਾਣਨਕੇ 'ਸੁਲੇਖ ਰਚਨਾ' ਮੁਕਾਬਲੇ ਦਾ ਜੇਤੂ ਰਿਹਾ ਅਤੇ ਐੱਮ. ਕੇ. ਡੀ. ਡੀ. ਏ. ਵੀ ਪਬਲਿਕ ਸਕੂਲ, ਨੇਸ਼ਟਾ, ਅਟਾਰੀ ਨੇ 'ਕਾਵਿ-ਸਿਰਜਣ' ਪ੍ਰਤੀਯੋਗਿਤਾ ਜਿੱਤੀ | ਡੀ. ਏ. ਵੀ. ਪਬਲਿਕ ਸਕੂਲ, ਲਾਰੈਂਸ ਰੋਡ 'ਮਲਟੀਮੀਡੀਆ' ਪੇਸ਼ਕਾਰੀ ਦਾ ਜੇਤੂ, ਸਟਾਲਵਰਟਸ ਵਰਲਡ ਸਕੂਲ, ਵੇਰਕਾ ਬਾਈਪਾਸ ਅੰਮਿ੍ਤਸਰ 'ਕਾਵਿ-ਉਚਾਰਣ' 'ਚ ਪਹਿਲੇ ਸਥਾਨ 'ਤੇ ਰਿਹਾ ਅਤੇ ਖਾਲਸਾ ਕਾਲਜ ਪਬਲਿਕ ਸਕੂਲ, ਰਣਜੀਤ ਐਵੀਨਿਊ, ਅੰਮਿ੍ਤਸਰ 'ਲੋਕ ਗਾਇਕੀ' ਪ੍ਰਤੀਯੋਗਿਤਾ ਦਾ ਜੇਤੂ ਰਿਹਾ | 'ਪੁਨਰਜੋਤ' ਦੇ ਡਾਇਰੈਕਟਰ ਡਾ. ਕੀਰਤ ਸੰਧੂ ਚੀਮਾ ਨੇ ਕਿਹਾ ਕਿ 'ਮਾਂ-ਬੋਲੀ ਮੇਲਾ' ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਪ੍ਰਚਾਰ ਅਤੇ ਉਸਦੇ ਪ੍ਰਸਾਰ ਦੇ ਲਈ ਇਕ ਸਾਂਝੇ ਮੰਚ ਦਾ ਕੰਮ ਕਰਦਾ ਹੈ | ਉਨ੍ਹਾਂ ਕਿਹਾ ਕਿ ਸਕੂਲ 'ਪੰਜਾਬੀਅਤ' ਲਈ ਪਿਆਰ ਦੀ ਭਾਵਨਾ ਦੇ ਪ੍ਰਸਾਰ ਲਈ ਵਚਨਬੱਧ ਹੈ | ਪਿ੍ੰ: ਰਾਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਸਪਰਿੰਗ ਡੇਲ ਸੀਨੀਅਰ ਸਕੂਲ ਨੇ ਪੰਜਾਬ ਦੇ ਸਕੂਲਾਂ 'ਚੋਂ ਪਹਿਲ ਕਰਦਿਆਂ ਹੋਇਆ ਆਪਣੀ ਨਵੀਂ ਪੀੜ੍ਹੀ ਨੂੰ ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਵਿਰਾਸਤ ਨਾਲ ਜੋੜੀ ਰੱਖਣ ਦਾ ਇਹ ਉਪਰਾਲਾ ਕੀਤਾ ਸੀ ਤਾਂ ਜੋ ਅਣਵੰਡੇ ਪੰਜਾਬ ਦੀ ਸ਼ਾਨ ਨੂੰ ਮੁੜ ਬਹਾਲ ਕੀਤਾ ਜਾ ਸਕੇ |
ਪਿਛਲੀ ਖ਼ਬਰ 19ਵਾਂ ਪਾਈਟੈਕਸ 4 ਦਸੰਬਰ ਤੋਂ ਹੋਵੇਗਾ ਸ਼ੁਰੂ ਅਗਲੀ ਖ਼ਬਰ ਡੀ. ਏ. ਵੀ. ਕਾਲਜ ਨੇ ਵੱਲਭ ਭਾਈ ਪਟੇਲ ਨੂੰ ਕੀਤਾ ਯਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।