ਝਬਾਲ, 18 ਜੂਨ (ਸੁਖਦੇਵ ਸਿੰਘ)-ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਜ਼ਿਲ੍ਹਾ ਐਪਿਡਮੋਲੋਜਿਸਟ ਡਾਕਟਰ ਰਾਘਵ ਗੁਪਤਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਅਮਿਤਾ ਸੋਂਧੀ ਦੀ ਦੇਖ ਰੇਖ ਹੇਠ ਕਮਿਊਨਿਟੀ ਹੈਲਥ ਸੈਂਟਰ ਕਸੇਲ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਦੇ ਛੱਪੜਾਂ ਵਿਚ ਡੇਂਗੂ ਦੇ ਲਾਰਵੇ ਨੂੰ ਨਸ਼ਟ ਕਰਨ ਵਾਲੀ ਗੰਬੂਜੀਆਂ ਮੱਛੀਆਂ ਪਾਈਆਂ ਗਈਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਮ.ਓ. ਡਾਕਟਰ ਅਮਿਤਾ ਸੌਂਧੀ ਨੇ ਦੱਸਿਆ ਕਿ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਸਿਹਤ ਕਰਮਚਾਰੀਆਂ ਵਲੋਂ ਬਲਾਕ ਦੇ ਵੱਖ-ਵੱਖ ਪਿੰਡਾਂ ਵਿਚ ਡੇਂਗੂ ਤੇ ਮਲੇਰੀਆ ਬੁਖਾਰ ਦੀ ਰੋਕਥਾਮ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਸ਼ੁੱਕਰਵਾਰ ਨੂੰ ਡਰਾਈ ਡੇ ਐਲਾਨਿਆ ਗਿਆ ਹੈ ਅਤੇ ਇਸ ਦਿਨ ਸਾਨੂੰ ਸਾਰਿਆਂ ਨੂੰ ਆਪਣੇ ਘਰਾਂ ਅਤੇ ਆਲੇ ਦੁਆਲੇ ਦੀ ਸਫਾਈ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਡੇਂਗੂ ਦਾ ਲਾਰਵਾ ਕਿਸੇ ਵੀ ਸਥਾਨ 'ਤੇ ਪੈਦਾ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਘਰ ਦੇ ਵਿਚ ਕਿਸੇ ਵੀ ਸਥਾਨ ਉੱਤੇ ਪਾਣੀ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ | ਫਰਿੱਜ਼ ਦੀਆਂ ਟ੍ਰੇਆਂ ਤੇ ਕੂਲਰਾਂ ਦੀ ਸਾਫ- ਸਫਾਈ ਨੂੰ ਰੋਜ਼ਾਨਾ ਯਕੀਨੀ ਬਣਾਉਣਾ ਚਾਹੀਦਾ ਹੈ | ਇਸ ਮੌਕੇ ਬਲਾਕ ਐਜੂਕੇਟਰ ਨਵੀਨ ਕਾਲੀਆ, ਐੱਸ.ਆਈ. ਗੁਰਿੰਦਰ ਸਿੰਘ, ਪਰਮਿੰਦਰ ਸਿੰਘ, ਮੁਹੱਬਤ ਪਾਲ ਸਿੰਘ, ਗੁਰਕਿਰਨ ਸਿੰਘ ਅਤੇ ਗੁਰਮੁੱਖ ਸਿੰਘ ਨੇ ਦੱਸਿਆ ਕਿ ਡੇਂਗੂ ਦੀ ਰੋਕਥਾਮ ਲਈ ਪਿੰਡ ਪਿੰਡ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਲੋਕਾਂ ਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਟੋਇਆਂ ਵਿਚ ਪਾਣੀ ਨਾ ਇਕੱਠਾ ਹੋਣ ਦੇਣ ਅਤੇ ਛੱਪੜਾਂ ਵਿਚ ਕਾਲੇ ਤੇਲ ਦਾ ਛਿੜਕਾ ਕਰਨ, ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਹਿਨਣ, ਸੌਂਣ ਸਮੇਂ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰਨ, ਛੱਤਾਂ ਤੇ ਰੱਖੀਆਂ ਪਾਣੀ ਵਾਲੀਆਂ ਟੈਂਕੀਆਂ ਢੱਕ ਕੇ ਰੱਖਣ, ਟੁੱਟੇ ਬਰਤਨਾਂ ਤੇ ਟਾਇਰਾਂ ਨੂੰ ਖੁੱਲ੍ਹੇ ਵਿਚ ਨਾ ਸੁੱਟਣ ਅਤੇ ਤਰਲ ਪਦਾਰਥ ਜਿਆਦਾ ਪੀਣ ਲਈ ਕਿਹਾ | ਇਸ ਮੌਕੇ ਮਲਟੀਪਰਪਜ ਹੈਲਥ ਵਰਕਰ ਜਗਰੂਪ ਸਿੰਘ, ਸਤਪਾਲ ਸਿੰਘ ਬੋਹੜੂ, ਤੇਜਿੰਦਰ ਸਿੰਘ, ਹਰਜੀਤ ਸਿੰਘ, ਰਮਨ ਕੁਮਾਰ, ਜੁਗਰਾਜ ਸਿੰਘ, ਸੁਖਜੀਤ ਸਿੰਘ, ਰਾਜਿੰਦਰ ਸਿੰਘ, ਯਾਦਵਿੰਦਰ ਸਿੰਘ, ਗੁਰਬਿੰਦਰ ਸਿੰਘ, ਮਨਜੀਤ ਸਿੰਘ ਤੇ ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ |