ਤਰਨ ਤਾਰਨ, 21 ਸਤੰਬਰ (ਹਰਿੰਦਰ ਸਿੰਘ)-ਸੰਪਰਦਾਇ ਸੇਵਾ ਸਰਹਾਲੀ ਸਾਹਿਬ ਵਲੋਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਰਮਦਾਸ ਨੇੜ੍ਹਲੇ ਪਿੰਡ ਘੋਨੇਵਾਲ ਵਿਖੇ ਰਾਵੀ ਦਰਿਆ ਦੇ ਧੁੱਸੀ ਬੰਨ੍ਹ ਦੀ ਸੇਵਾ ਐਤਵਾਰ ਨੂੰ ਸੰਪੂਰਨ ਹੋ ਗਈ | ਇਸ ਮੌਕੇ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਨੂੰ ਅੰਮਿ੍ਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਇਕ ਤਸਵੀਰ ਭੇਟ ਕੀਤੀ ਗਈ, ਜਿਸ ਵਿਚ ਬਾਬਾ ਸੁੱਖਾ ਸਿੰਘ ਸਾਲ 2023 ਵਿਚ ਦਰਿਆਵਾਂ ਦੇ ਬੰਨ੍ਹ ਬੰਨਣ ਵੇਲੇ ਹੱਥੀਂ ਸੇਵਾ ਕਰ ਰਹੇ ਹਨ | ਔਜਲਾ ਨੇ ਕਿਹਾ ਕਿ ਸੰਤ ਬਾਬਾ ਸੁੱਖਾ ਸਿੰਘ ਵਲੋਂ ਸਾਲ 2023 ਅਤੇ ਸਾਲ 2025 ਵਿਚ ਹੜ੍ਹਾਂ ਦੌਰਾਨ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ ਗਈਆਂ ਅਤੇ ਅਜੇ ਹੋਰ ਕਈ ਥਾਵਾਂ 'ਤੇ ਸੇਵਾਵਾਂ ਲਗਾਤਾਰ ਜਾਰੀ ਹਨ | ਅੱਜ ਰਾਵੀ ਦੇ ਧੁੱਸੀ ਬੰਨ੍ਹ ਦੀ ਸੇਵਾ ਸੰਪੂਰਨ ਹੋਣ ਵੇਲੇ ਸੰਤ ਬਾਬਾ ਸੁੱਖਾ ਸਿੰਘ ਦੇ ਦਰਸ਼ਨ ਹੋਏ ਹਨ | ਉਨ੍ਹਾਂ ਨਾਲ ਵਿਦੇਸ਼ੀ ਸਿੱਖਾਂ ਨੂੰ ਸੇਵਾ ਕਰਦਿਆਂ ਵੇਖ ਕੇ ਬਹੁਤ ਖੁਸ਼ੀ ਹੋਈ ਹੈ | ਇਸ ਮੌਕੇ ਵੱਖ-ਵੱਖ ਸਥਾਨਕ ਪਿੰਡਾਂ ਦੀ ਸੰਗਤ ਅਤੇ ਪੰਚਾਇਤਾਂ ਹਾਜ਼ਰ ਸਨ | ਸੰਤ ਬਾਬਾ ਸੁੱਖਾ ਸਿੰਘ ਨੇ ਸਰਬੱਤ ਸੰਗਤਾਂ ਦਾ ਧੰਨਵਾਦ ਕੀਤਾ |
ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਸੰਤ ਬਾਬਾ ਸੁੱਖਾ ਸਿੰਘ ਨੂੰ ਸਨਮਾਨਿਤ ਕੀਤਾ <br/>
ਅਜੀਤ ਡੈਸਕ
22-09-2025