ਤਰਨ ਤਾਰਨ, 21 ਸਤੰਬਰ (ਹਰਿੰਦਰ ਸਿੰਘ)-ਲੰਮਾ ਸਮਾਂ ਕਾਂਗਰਸ ਪਾਰਟੀ ਨੇ ਦੇਸ਼ ਉਪਰ ਰਾਜ ਕੀਤਾ ਅਤੇ ਕਾਂਗਰਸ ਸਰਕਾਰ ਦੀਆਂ ਨਾਲਾਇਕੀਆਂ ਕਾਰਨ ਦੇਸ਼ ਆਰਥਿਕ ਪੱਖੋਂ ਬਹੁਤ ਕਮਜ਼ੋਰ ਹੋ ਗਿਆ ਅਤੇ ਦੇਸ਼ ਵਿਰੋਧੀ ਤਾਕਤਾਂ ਨੇ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ | ਜਦੋਂ ਤੋਂ ਦੇਸ਼ ਦੀ ਵਾਗਡੋਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਭਾਲੀ ਹੈ, ਉਦੋਂ ਤੋਂ ਹੀ ਦੇਸ਼ ਵਿਰੋਧੀ ਤਾਕਤਾਂ ਨੂੰ ਸ਼ਕਤੀ ਨਾਲ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਦੇਸ਼ ਦੀ ਤਰੱਕੀ ਅਤੇ ਉਨਤੀ ਦੇ ਨਾਲ ਨਾਲ ਖੁਸ਼ਹਾਲੀ ਵਧੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ 'ਅਜੀਤ' ਉਪ ਦਫ਼ਤਰ ਵਿਖੇ ਕਰਦਿਆਂ ਸਾਬਕਾ ਮੁੱਖ ਸੰਸਦੀ ਅਤੇ ਸੀਨੀਅਰ ਭਾਜਪਾ ਆਗੂ ਮਨਜੀਤ ਸਿੰਘ ਮੰਨਾ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਦੇਸ਼ ਵਿਚ ਫਿਰਕੂ ਤਾਕਤਾਂ ਨੂੰ ਨੱਥ ਪਾਉਣ ਵਿਚ ਭਾਜਪਾ ਸਰਕਾਰ ਦਾ ਅਹਿਮ ਯੋਗਦਾਨ ਹੈ | ਭਾਵੇਂ ਵਿਰੋਧੀ ਦੇਸ਼ ਪਾਕਿਸਤਾਨ ਵਲੋਂ ਪਹਿਲਗਾਮ ਹਮਲੇ ਵਿਚ ਬੁਝਦਿਲੀ ਨਾਲ ਭਾਰਤੀ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਮਾਰ ਦਿੱਤਾ ਸੀ | ਨਰਿੰਦਰ ਮੋਦੀ ਦੇਸ਼ ਦੇ ਐਸੇ ਪ੍ਰਧਾਨ ਮੰਤਰੀ ਹਨ, ਜਿੰਨਾਂ ਨੇ ਆਪ੍ਰੇਸ਼ਨ ਸਿੰਧੂਰ ਤਹਿਤ ਭਾਰਤੀ ਫ਼ੌਜਾਂ ਨੂੰ ਪਾਕਿਸਤਾਨ ਵਿਚ ਵੜ ਕੇ ਮੂੰਹ ਤੋੜਵਾਂ ਜਵਾਬ ਦੇਣ ਦਾ ਹੁਕਮ ਕੀਤਾ ਅਤੇ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ਨੂੰ ਨਸ਼ਟ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ | ਇਸ ਸਰਕਾਰ ਦੇ ਰਾਜ ਵਿਚ ਕੋਈ ਵੀ ਵਰਗ ਸੁਰੱਖਿਅਤ ਨਹੀਂ ਰਿਹਾ | 'ਆਪ' ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾ ਦੀ ਬਾਕੀ ਟੀਮ ਨੇ ਪੰਜਾਬ ਦਾ ਸਰਮਾਇਆ ਰੱਜ ਕੇ ਲੁੱਟਿਆ | ਸਿਰਫ ਲੋਕ ਦਿਖਾਵੇ ਤੱਕ ਹੀ ਇਹ ਸਰਕਾਰ ਸੀਮਤ ਰਹੀ | ਮੁੱਖ ਮੰਤਰੀ ਇਕ ਜਿੰਮੇਵਾਰ ਨਾਗਰਿਕ ਬਣਨ ਦੀ ਬਜਾਇ ਕਮੇਡੀ ਕਰਨ ਵਿਚ ਹੀ ਰੁੱਝੇ ਰਹੇ | ਜਦਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਰਾਜ ਦੀ ਸੱਤਾ 'ਤੇ ਬਿਠਾ ਕੇ ਬਹੁਤ ਆਸਾਂ ਲਗਾਈਆਂ ਸਨ ਕਿ ਉਹ ਪੰਜਾਬ ਦਾ ਭਲਾ ਕਰਨਗੇ, ਪਰ ਇਸ ਦੇ ਉਲਟ ਸਰਕਾਰ ਲੋਕਾਂ ਦੀਆਂ ਆਸਾਂ 'ਤੇ ਖਰੀ ਨਹੀਂ ਉਤਰੀ | ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਸਾਲ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਅਹਿਮ ਰੋਲ ਨਿਭਾਏਗੀ ਅਤੇ ਭਾਜਪਾ ਸਰਕਾਰ ਆਪਣੇ ਦਮ 'ਤੇ ਸਰਕਾਰ ਬਣਾਵੇਗੀ | ਲੋਕਾਂ ਨੂੰ ਆਸ ਹੈ ਕਿ ਪੰਜਾਬ ਦਾ ਭਲਾ ਭਾਜਪਾ ਹੀ ਕਰ ਸਕਦੀ ਹੈ ਅਤੇ ਭਾਜਪਾ ਸਰਕਾਰ ਬਣਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਡੇ ਪ੍ਰੋਜੈਕਟ ਲਿਆ ਕੇ ਦੇਣਗੇ | ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀ ਕਾਰਗੁਜਾਰੀ ਦੇ ਖ਼ਿਲਾਫ਼ ਇਕਮਤ ਹੋ ਕੇ ਮੈਦਾਨ ਵਿਚ ਨਿੱਤਰਣ ਅਤੇ 'ਆਪ' ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਮੂੰਹ ਤੋੜਵਾਂ ਜਵਾਬ ਦੇਣ | ਇਸ ਮੌਕੇ ਅਮਰਪਾਲ ਸਿੰਘ ਖਹਿਰਾ, ਕੁਲਵੰਤ ਸਿੰਘ ਭੈਲ ਆਦਿ ਹਾਜ਼ਰ ਸਨ |
ਦੇਸ਼ ਦੀ ਉੱਨਤੀ ਅਤੇ ਤਰੱਕੀ ਸਿਰਫ਼ ਭਾਜਪਾ ਦੇ ਹੱਥ ਵਿਚ ਹੀ ਸੁਰੱਖਿਅਤ-ਮਨਜੀਤ ਸਿੰਘ ਮੰਨਾ <br/>
ਅਜੀਤ ਡੈਸਕ
22-09-2025