ਤਰਨ ਤਾਰਨ, 17 ਅਕਤੂਬਰ (ਪਰਮਜੀਤ ਜੋਸ਼ੀ)-ਕੇਂਦਰੀ ਜੇਲ੍ਹ ਗੋਇੰਦਵਾਲ ਦੀ ਚੈਕਿੰਗ ਦੌਰਾਨ 2 ਹਵਾਲਾਤੀਆਂ ਪਾਸੋਂ ਨਸ਼ੀਲਾ ਪਦਾਰਥ ਅਤੇ ਮੋਬਾਈਲ ਫੋਨ ਬਰਾਮਦ ਹੋਣ ਦੇ ਮਾਮਲੇ ਵਿਚ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ ਤਿੰਨ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਜੇਲ੍ਹ ਦੇ ਸਹਾਇਕ ਸੁਪਰਡੈਂਟ ਅਵਤਾਰ ਸਿੰਘ ਨੇ ਥਾਣਾ ਗੋਇੰਦਵਾਲ ਵਿਖੇ ਲਿਖਤੀ ਸ਼ਿਕਾਇਤ ਕੀਤੀ ਕਿ 15 ਅਕਤੂਬਰ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ ਹਵਾਲਾਤੀ ਅੰਗਰੇਜ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮੂਸੇ ਕਲਾਂ ਪਾਸੋਂ 29 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ | ਇਸੇ ਤਰ੍ਹਾਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਨੇ ਲਿਖਤੀ ਸ਼ਿਕਾਇਤ ਕੀਤੀ ਕਿ 7 ਅਕਤੂਬਰ ਨੂੰ ਹਵਾਲਾਤੀ ਅੰਕੁਸ਼ ਸ਼ਰਮਾ ਪੁੱਤਰ ਓਮ ਪ੍ਰਕਾਸ਼ ਵਾਸੀ ਮੁਹੱਲਾ ਗਗਨ ਰੋਡ ਲੁਧਿਆਣਾ ਪਾਸੋਂ ਚੈਕਿੰਗ ਦੌਰਾਨ ਤਿੰਨ ਟੱਚ ਮੋਬਾਈਲ ਫੋਨ ਬਰਾਮਦ ਹੋਏ ਹਨ | ਇਸੇ ਤਰ੍ਹਾਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਕੇਵਲ ਸਿੰਘ ਨੇ ਲਿਖਤੀ ਸ਼ਿਕਾਇਤ ਥਾਣਾ ਗੋਇੰਦਵਾਲ ਵਿਖੇ ਕੀਤੀ ਕਿ 9 ਅਕਤੂਬਰ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ ਹਵਾਲਾਤੀ ਵਿਸ਼ਵਜੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਮੁਧੜ ਦੀ ਤਲਾਸ਼ੀ ਲੈਣ 'ਤੇ ਉਸ ਪਾਸੋਂ 1 ਟੱਚ ਮੋਬਾਈਲ ਫੋਨ ਬਰਾਮਦ ਹੋਇਆ ਹੈ | ਥਾਣਾ ਗੋਇੰਦਵਾਲ ਦੀ ਪੁਲਿਸ ਨੇ ਉਕਤ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ, ਕਿ ਜੇਲ੍ਹ ਇਨ੍ਹਾਂ ਹਵਾਲਾਤੀਆਂ ਪਾਸ ਪਾਬੰਦੀਸ਼ੁਦਾ ਸਮਾਨ ਪਹੁੰਚਿਆ |