ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)ਡੀ.ਐੱਸ.ਟੀ/ਸੀ. ਟੀ.ਐੱਸ. ਕੰਟੈਰਕਟ ਇੰਸਟਰਕਟਰ ਯੂਨੀਅਨ ਪੰਜਾਬ ਵਲੋਂ ਹਲਕਾ ਤਰਨ ਤਾਰਨ ਵਿਚ ਵਿਸ਼ਾਲ ਰੋਸ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਗਿਆ ਹੈ | ਗੱਲਬਾਤ ਕਰਦੇ ਹੋਏ ਯੂਨੀਅਨ ਦੇ ਆਗੂਆਂ ਵਲੋ ਦੱਸਿਆ ਗਿਆ ਕੇ ਅਸੀਂ ਪੰਜਾਬ ਸਰਕਾਰ ਦੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਚ ਬਤੌਰ ਕੰਟਰੈਕਟ/ਗੈਸਟ ਫੈਕਲਟੀ ਇੰਸਟਰਕਟਰ ਆਪਣੀਆਂ ਸੇਵਾਵਾਂ ਨਿਭਾ ਰਹੇ ਹਾਂ ਅਤੇ ਅਸੀਂ ਡਾਇਰੈਕਟਰ ਜਨਰਲ ਆਫ ਟ੍ਰੇਨਿੰਗ ਵਲੋੋਂ ਨਿਰਧਾਰਿਤ ਯੋਗਤਾਵਾਂ ਪੂਰੀਆਂ ਕਰਦੇ ਹਾਂ | ਸਾਡੀ ਯੂਨੀਅਨ ਆਪਣੀਆਂ ਮੰਗਾ ਕਰਕੇ ਬਹੁਤ ਵਾਰ ਮੁੱਖ ਮੰਤਰੀ ਪੈਨਲ ਮੀਟਿੰਗ ਕਰ ਚੁੱਕੀ ਹੈ, ਵਿੱਤ ਮੰਤਰੀ ਹਰਪਾਲ ਚੀਮਾ ਨਾਲ ਸਾਡੀ ਬਹੁਤ ਵਾਰ ਮੀਟਿੰਗ ਹੋ ਚੁੱਕੀ ਹੈ, ਇਸ ਤੋਂ ਇਲਾਵਾ ਅਮਨ ਅਰੋੜਾ ਅਤੇ ਆਮ ਆਦਮੀ ਪਾਰਟੀ ਦੇ ਹੋਰ ਬਹੁਤ ਸਾਰੇ ਕੈਬਨਿੇਟ ਮੰਤਰੀ ਨਾਲ ਅਤੇ ਵਿਧਾਇਕਾਂ ਨੂੰ ਮਿਲ ਚੁੱਕੀ ਹੈ ਪਰ ਸਾਡੀਆਂ ਮੰਗਾਂ ਹਾਲੇ ਤੱਕ ਵੀ ਪੂਰੀਆਂ ਨਹੀਂ ਹੋਈਆਂ | ਹੁਣ ਯੂਨੀਅਨ ਵਲੋਂ ਆਮ ਆਦਮੀ ਪਾਰਟੀ ਦੇ ਲਾਰਿਆਂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਲਾਰਿਆਂ ਤੋਂ ਤੰਗ ਆਕੇ ਤਰਨ ਤਾਰਨ ਦਾ ਰੁੱਖ ਕਰ ਲਿਆ ਹੈ | ਯੂਨੀਅਨ ਵਲੋਂ ਤਰਨ ਤਾਰਨ ਮਿਤੀ 26 ਅਕਤੂਬਰ ਨੂੰ ਵਿਸ਼ਾਲ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ | ਜੇਕਰ ਸਰਕਾਰ ਸਾਡੀਆਂ ਮੰਗਾ ਹੁਣ ਵੀ ਪੂਰੀਆਂ ਨਹੀਂ ਕਰਦੀ ਤਾਂ 30 ਅਕਤੂਬਰ ਤੋਂ ਬਾਅਦ ਮੁੱਖ ਦਫ਼ਤਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵਿਖੇ ਯੂਨੀਅਨ ਵੱਲੋਂ ਪੱਕੇ ਤੌਰ 'ਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਸੰਦੀਪ ਸਿੰਘ ਪ੍ਰਧਾਨ, ਸਿਮਰਨਜੀਤ ਸਿੰਘ ਉੱਪ ਪ੍ਰਧਾਨ, ਪਰਦੀਪ ਸਿੰਘ, ਹਰਪ੍ਰੀਤ ਸਿੰਘ, ਮਨਜਿੰਦਰ ਸਿੰਘ ਕੈਸ਼ੀਅਰ ਵੀ ਮੌਜੂਦ ਸਨ |