ਖਡੂਰ ਸਾਹਿਬ, 4 ਨਵੰਬਰ (ਰਸ਼ਪਾਲ ਸਿੰਘ ਕੁਲਾਰ)- ਬਾਬਾ ਸੇਵਾ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੁਇਜ਼ ਮੁਕਾਬਲੇ ਕਰਵਾਏ ਗਏ | ਇਸ ਕੁਇਜ਼ ਮੁਕਾਬਲੇ ਦਾ ਆਰੰਭ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਬਦ ਦਾ ਗਾਇਣ ਕਰਕੇ ਕੀਤਾ ਗਿਆ | ਇਸ ਕੁਇਜ਼ ਮੁਕਾਬਲੇ ਵਿਚ ਸਕੂਲ ਦੇ ਚਾਰੇ ਹਾਊਸਾਂ (ਬਾਬਾ ਦੀਪ ਸਿੰਘ ਜੀ, ਅਕਾਲੀ ਫੂਲਾ ਸਿੰਘ ਜੀ, ਸ. ਹਰੀ ਸਿੰਘ ਨਲੂਆ ਅਤੇ ਸ. ਸ਼ਾਮ ਸਿੰਘ ਅਟਾਰੀ) ਦੇ ਪੰਜਵੀਂ ਤੋਂ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ | ਜਿਨ੍ਹਾਂ 'ਚੋਂ ਸ. ਹਰੀ ਸਿੰਘ ਨਲੂਆ ਹਾਊਸ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਦੂਸਰਾ ਸਥਾਨ ਬਾਬਾ ਦੀਪ ਸਿੰਘ ਜੀ ਹਾਊਸ ਅਤੇ ਸ. ਸ਼ਾਮ ਸਿੰਘ ਅਟਾਰੀ ਹਾਊਸ ਨੇ ਤੀਸਰਾ ਸਥਾਨ ਹਾਸਲ ਕੀਤਾ | ਇਸ ਮੁਕਾਬਲੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਗਏ, ਜਿਨ੍ਹਾਂ ਦੇ ਵਿਦਿਆਰਥੀਆਂ ਵਲੋਂ ਬਾਖੂਬੀ ਉੱਤਰ ਦਿੱਤੇ ਗਏ | ਸਕੂਲ ਦੇ ਧਾਰਮਿਕ ਅਧਿਆਪਕ ਮਨਬੀਰ ਸਿੰਘ ਵਲੋਂ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ | ਸਕੂਲ ਦੇ ਪਿ੍ੰਸੀਪਲ ਅਮਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਗੁਰੂ ਜੀ ਵਲੋਂ ਦਿੱਤੇ ਉਪਦੇਸ਼ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦਾ ਸੰਦੇਸ਼ ਦਿੱਤਾ | ਸਟੇਜ ਸੰਚਾਲਨ ਦੀ ਸੇਵਾ ਪੰਜਾਬੀ ਅਧਿਆਪਕ ਨਿਸ਼ਾਨ ਸਿੰਘ ਅਤੇ ਧਾਰਮਿਕ ਅਧਿਆਪਕ ਬਿਕਰਮਜੀਤ ਸਿੰਘ ਵਲੋਂ ਨਿਭਾਈ ਗਈ | ਇਸ ਪ੍ਰੋਗਰਾਮ ਦੌਰਾਨ ਹੈੱਡ-ਮਿਸਟ੍ਰੈਸ ਨਵਪ੍ਰੀਤ ਕੌਰ, ਸਮੂਹ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ |