ਤਰਨ ਤਾਰਨ, 4 ਨਵੰਬਰ (ਹਰਿੰਦਰ ਸਿੰਘ)ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ, ਜਦੋਂ ਪਿੰਡ ਕਸੇਲ ਦੇ ਇਕ ਪ੍ਰਮੁੱਖ ਕਾਂਗਰਸੀ ਆਗੂ ਰਾਜਬੀਰ ਸਿੰਘ ਕਸੇਲ ਆਪਣੇ ਦਰਜਨਾਂ ਸਾਥੀਆਂ ਸਮੇਤ ਕਾਂਗਰਸ ਛੱਡ ਕੇ 'ਆਪ' ਵਿਚ ਸ਼ਾਮਿਲ ਹੋ ਗਏ | ਤਰਨ ਤਾਰਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ 'ਆਪ' ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਐਮ.ਪੀ. ਗੁਰਮੀਤ ਸਿੰਘ ਮੀਤ ਹੇਅਰ ਅਤੇ ਕੈਬਨਿਟ ਮੰਤਰੀ ਵਰਿੰਦਰ ਗੋਇਲ ਨੇ ਸਮੂਹ ਆਗੂਆਂ ਦਾ ਪਾਰਟੀ ਵਿਚ ਰਸਮੀ ਤੌਰ 'ਤੇ ਸਵਾਗਤ ਕੀਤਾ | ਇਸ ਮੌਕੇ ਰਾਜਬੀਰ ਸਿੰਘ ਕਸੇਲ ਦੇ ਨਾਲ ਅਜੀਤ ਸਿੰਘ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਮਨਜੀਤ ਸਿੰਘ, ਲਾਲ ਸਿੰਘ, ਸੰਦੀਪ, ਮਨਜਿੰਦਰ ਅਤੇ ਵੱਡੀ ਗਿਣਤੀ ਵਿਚ ਹੋਰ ਸਮਰਥਕਾਂ ਨੇ 'ਆਪ' ਦਾ ਪੱਲਾ ਫੜਿਆ | ਇਸ ਸ਼ਮੂਲੀਅਤ ਵਿਚ 'ਆਪ' ਆਗੂ ਗੌਰਵ ਮਸੀਹ ਅਤੇ ਕੌਂਸਲਰ ਭਗਵਾਨ ਸਿੰਘ ਨੇ ਅਹਿਮ ਭੂਮਿਕਾ ਨਿਭਾਈ | ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਰਾਜਬੀਰ ਕਸੇਲ ਦਾ ਪਿੰਡ ਕਸੇਲ ਅਤੇ ਆਸ-ਪਾਸ ਦੇ 15-20 ਪਿੰਡਾਂ ਵਿਚ ਵੱਡਾ ਅਧਾਰ ਹੈ, ਜਿਸ ਨਾਲ ਪਾਰਟੀ ਨੂੰ ਵੱਡਾ ਬਲ ਮਿਲੇਗਾ | ਉਨ੍ਹਾਂ ਕਿਹਾ ਕਿ ਇਹ ਸਾਰੇ ਸਾਥੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਆਏ ਹਨ | ਉਨ੍ਹਾਂ 56,000 ਨੌਕਰੀਆਂ, ਚੰਗੇ ਸਕੂਲਾਂ ਅਤੇ ਨਹਿਰੀ ਪਾਣੀ ਦੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ 80 ਫ਼ੀਸਦੀ ਨੌਕਰੀਆਂ ਗਰੀਬ ਘਰਾਂ ਦੇ ਬੱਚਿਆਂ ਨੂੰ ਮਿਲੀਆਂ ਹਨ, ਜਿਸ ਨਾਲ ਲੋਕਾਂ ਵਿਚ ਨਵੀਂ ਆਸ ਬੱਝੀ ਹੈ | ਉਨ੍ਹਾਂ ਨਵੇਂ ਆਗੂਆਂ ਨੂੰ ਪਾਰਟੀ ਵਿਚ ਪੂਰੇ ਮਾਣ-ਸਨਮਾਨ ਅਤੇ ਜਿੰਮੇਵਾਰੀ ਦਾ ਭਰੋਸਾ ਦਿੱਤਾ |