ਲੁਧਿਆਣਾ, 18 ਜੂਨ (ਡਾ. ਤਰਲੋਚਨ ਸਿੰਘ)-ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵਿਭਾਗ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਰਦੂ ਸਿੱਖਣ ਦੇ ਚਾਹਵਾਨ ਵਿਅਕਤੀਆਂ ਲਈ ਉਰਦੂ ਕੋਰਸ ਦਾ ਅਗਲਾ ਸ਼ੈਸ਼ਨ 1 ਜੁਲਾਈ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਕੋਰਸ ਦੀਆਂ ਕਲਾਸਾਂ ਜ਼ਿਲ੍ਹਾ ਭਾਸ਼ਾ ਦਫ਼ਤਰ, ਪੰਜਾਬੀ ਭਵਨ ਵਿਖੇ ਲੱਗਣਗੀਆਂ ਅਤੇ ਉਰਦੂ ਦੇ ਇਸ ਕੋਰਸ ਲਈ ਕੋਈ ਫੀਸ ਨਹੀਂ ਲਈ ਜਾਂਦੀ | ਇਸ ਕੋਰਸ ਦੀ ਮਿਆਦ 6 ਮਹੀਨੇ ਹੈ ਜਿਸ ਵਿਚ ਕਿਸੇ ਵੀ ਉਮਰ ਵਰਗ ਦਾ ਵਿਅਕਤੀ ਇਸ ਕੋਰਸ ਵਿਚ ਦਾਖਲਾ ਲੈ ਸਕਦਾ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਲੁਧਿਆਣਾ ਕੇਂਦਰ ਦੇ ਅਨੇਕ ਸਿਖਿਆਰਥੀਆਂ ਨੇ ਰਾਜ ਪੱਧਰੀ ਪ੍ਰੀਖਿਆ ਵਿੱਚੋਂ ਪੁਜੀਸ਼ਨਾਂ ਵੀ ਹਾਸਿਲ ਕੀਤੀਆਂ ਹਨ | ਇਸ ਕਲਾਸ ਲਈ ਵਿਭਾਗ ਵੱਲੋਂ ਕਾਬਿਲ ਉਰਦੂ ਅਧਿਆਪਕ ਦਾ ਪ੍ਰਬੰਧ ਕੀਤਾ ਗਿਆ ਹੈ | ਕਲਾਸ ਦਾ ਸਮਾਂ ਸ਼ਾਮ ਪੰਜ ਵਜੇ ਤੋਂ ਛੇ ਵਜੇ ਤੱਕ ਦਾ ਹੈ | ਉਨ੍ਹਾਂ ਦੱਸਿਆ ਕਿ ਉਰਦੂ ਸਿੱਖਣ ਦੇ ਚਾਹਵਾਨ ਇਸ ਕੋਰਸ ਲਈ ਦਾਖਲਾ ਫਾਰਮ ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਲੁਧਿਆਣਾ ਤੋਂ ਕਿਸੇ ਵੀ ਕੰਮ-ਕਾਜ ਵਾਲੇ ਦਿਨ ਮੁਫ਼ਤ ਪ੍ਰਾਪਤ ਕਰ ਸਕਦੇ ਹਨ |