ਲੁਧਿਆਣਾ, 18 ਜੂਨ (ਜਗਮੀਤ ਸਿੰਘ)-ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਭੂੰਦੜੀ ਦੀ ਅਗਵਾਈ ਹੇਠ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਲੁਧਿਆਣਾ ਨਾਲ ਇਕ ਵਫ਼ਦ ਨੇ ਮੁਲਾਕਾਤ ਕੀਤੀ | ਪ੍ਰਧਾਨ ਭੂੰਦੜੀ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਮਨਰੇਗਾ ਵਿਚ ਲੱਗੇ ਪੇਂਡੂ ਮਜ਼ਦੂਰ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ | ਪਿੰਡ ਇਕਾਈ ਗਊਵਾਲ ਬਲਾਕ ਸਿੱਧਵਾਂ ਬੇਟ ਦੇ ਆਗੂਆਂ ਗੁਰਮੀਤ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਜਾਅਲੀ ਹਾਜ਼ਰੀਆਂ ਲਾ ਕੇ ਘਪਲੇਬਾਜ਼ੀ ਕੀਤੀ ਜਾ ਰਹੀ ਹੈ, ਮਜ਼ਦੂਰਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ | ਇਸ ਵਾਸਤੇ ਵੱਡੀ ਗਿਣਤੀ ਵਿਚ ਮਨਰੇਗਾ ਮਜ਼ਦੂਰਾਂ ਨੇ ਇਕੱਠੇ ਹੋ ਕੇ ਇਕ ਹੋਰ ਮੇਹਟ ਰੱਖਣ ਲਈ ਮਤਾ ਪਾਇਆ, ਜਿਸ ਨੂੰ ਪਿੰਡ ਦੀ ਗ੍ਰਾਮ ਪੰਚਾਇਤ ਨੇ ਵੀ ਤਸਦੀਕ ਕੀਤਾ, ਪਰ ਬੀ.ਡੀ.ਓ. ਦਫ਼ਤਰ ਗਊਵਾਲ ਸਿੱਧਵਾਂ ਬੇਟ ਨੂੰ ਵਾਰ-ਵਾਰ ਮਿਲਣ ਦੇ ਬਾਵਜੂਦ ਨਾ ਤਾਂ ਮਜ਼ਦੂਰਾਂ ਨੂੰ ਕੰਮ ਦਿੱਤਾ ਤੇ ਨਾ ਹੀ ਇਕ ਹੋਰ ਨਵਾਂ ਮੇਹਟ ਰੱਖਣ ਦੇ ਹੁਕਮ ਦਿੱਤੇ | ਇਸ ਗੱਲ ਤੋਂ ਤੰਗ ਹੋ ਕੇ ਅੱਜ ਪਿੰਡ ਗਊਵਾਲ ਦੀ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਇਕਾਈ ਦੇ ਆਗੂ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮਿਲੇ ਅਤੇ ਉਨ੍ਹਾਂ ਹਰ ਮਸਲੇ ਦੀ ਜਾਂਚ ਕਰਾ ਕੇ ਇਨਸਾਫ਼ ਦੇਣ ਦਾ ਦਾਅਵਾ ਕੀਤਾ | ਇਸ ਮੌਕੇ ਹਰਬੰਸ ਸਿੰਘ, ਵਿਸਾਖਾ ਸਿੰਘ ਗਊਵਾਲ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਜਗਦੀਸ਼ ਸਿੰਘ, ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ, ਨੌਜਵਾਨ ਭਾਰਤ ਸਭਾ ਦੀ ਆਗੂ ਰਵਿੰਦਰ ਕੌਰ ਹਾਜ਼ਰ ਸਨ |