ਮੁੱਲਾਂਪੁਰ-ਦਾਖਾ, 20 ਜੂਨ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਯੂਨੀਵਰਸਿਟੀ ਅੰਦਰ ਨਵਾਂ ਸੈਸ਼ਨ ਵਿਦਿਆਰਥੀ ਦਾ ਦਾਖ਼ਲਾ ਲੈਣ ਸਮੇਂ ਹਲਫਨਾਮਾ (ਐਫੀਡੇਵਿਟ) 'ਤੇ ਦਸਤਖ਼ਤ ਵਿਦਿਆਰਥੀ ਹੱਕਾਂ 'ਤੇ ਡਾਕਾ ਹੈ, ਜੋ ਹਰਗਿਜ਼ ਸਹਿਣ ਨਹੀਂ ਹੋਵੇਗਾ, ਇਹ ਪ੍ਰਤੀਕਿਰਿਆ ਹਲਕਾ ਦਾਖਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ (ਮੈਂਬਰ ਭਰਤੀ ਕਮੇਟੀ ਸ਼੍ਰੋ:ਅ:ਦਲ) ਵਲੋਂ ਕੀਤੀ | ਇਯਾਲੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਬੋਲਣ ਅਤੇ ਇਕੱਠ ਦੀ ਆਜ਼ਾਦੀ ਦੇ ਮੌਲਿਕ ਅਧਿਕਾਰਾਂ ਨੂੰ ਕੁਚਲਣਾ ਸਰਕਾਰਾਂ ਦਾ ਲੋਕਤੰਤਰੀ ਭਾਵਨਾ 'ਤੇ ਹਮਲੇ ਦੀ ਮਿਸਾਲ, ਹੁਣ ਵਿਦਿਆਰਥੀ ਨੂੰ ਦਾਖ਼ਲੇ ਦੇ ਨਾਲ ਹਲਫਨਾਮਾ ਦਾਇਰ ਕਰਕੇ ਸਵੀਕਾਰ ਕਰਨਾ ਹੋਵੇਗਾ ਕਿ ਵਿਦਿਆਰਥੀ ਕਿਸੇ ਸੰਗਠਨ ਨਾਲ ਨਹੀਂ ਜੁੜਿਆ, ਨਾ ਹੀ ਕਿਸੇ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਿਲ ਹੋਵੇਗਾ | ਇਯਾਲੀ ਨੇ ਕਿਹਾ ਕਿ ਕਾਨੂੰਨ ਵਿਵਸਥਾ ਦੀ ਆੜ ਹੇਠ ਵਿਦਿਆਰਥੀਆਂ ਦੇ ਮੌਲਿਕ ਅਧਿਕਾਰ ਖੋਹਣ ਲਈ ਅਜਿਹਾ ਹੋ ਰਿਹਾ | ਉਨ੍ਹਾਂ ਕਿਹਾ ਕਿ ਇਕ ਯੂਨੀਵਰਸਿਟੀ ਵਿਚ ਦੋ ਕਾਨੂੰਨ ਬਣ ਗਏ, ਪੁਰਾਣੇ ਵਿਦਿਆਰਥੀਆਂ 'ਤੇ ਕੋਈ ਸ਼ਰਤ ਨਹੀਂ, ਜਦ ਕਿ ਨਵਿਆਂ ਨੂੰ ਹਲਫਨਾਮੇ 'ਤੇ ਦਸਤਖ਼ਤ ਕਰਨੇ ਲਾਜ਼ਮੀ ਹਨ | ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਯੂਨੀਵਰਸਿਟੀ ਵਿਚ ਜਥੇਬੰਦੀਆਂ ਦੇ ਪੜ੍ਹੇ-ਲਿਖੇ ਨੌਜਵਾਨ ਆਗੂ ਰਾਜ ਸੱਤ੍ਹਾ ਵਿਚ ਆਉਂਦੇ ਹਨ, ਅਜਿਹੇ ਨੌਜਵਾਨਾਂ ਤੋਂ ਦੇਸ਼, ਸਟੇਟ ਦੀ ਬਿਹਤਰੀ ਲਈ ਆਸ ਰੱਖੀ ਜਾ ਸਕਦੀ ਹੈ, ਵਿਦਿਆਰਥੀ ਵਰਗ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਵਿਦਿਆਰਥੀ ਯੂਨੀਅਨਾਂ ਹੋਂਦ ਵਿਚ ਆਈਆਂ, ਜੋ ਵਿਦਿਆਰਥੀਆਂ ਦੀ ਬਿਹਤਰੀ ਲਈ ਕੰਮ ਕਰ ਰਹੀਆਂ, ਭਵਿੱਖ ਲਈ ਅਜਿਹੀਆਂ ਜਥੇਬੰਦੀਆਂ 'ਤੇ ਸਿਕੰਜ਼ਾ ਕਸੇ ਜਾਣਾ ਉਚਿਤ ਨਹੀਂ | ਐੱਮ.ਐੱਲ.ਏ. ਇਯਾਲੀ ਨੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਰੇਨੂੰ ਵਿਜ ਨੂੰ ਸਨਿਮਰ ਅਪੀਲ ਕੀਤੀ ਕਿ ਉਕਤ ਮਾਮਲੇ 'ਤੇ ਮੁੜ ਵਿਚਾਰ ਹੋਵੇ |