ਲੁਧਿਆਣਾ, 17 ਅਕਤੂਬਰ (ਡਾ. ਤਰਲੋਚਨ ਸਿੰਘ)-ਸਿਵਲ ਸਰਜਨ ਡਾ. ਰਮਨਦੀਪ ਕੌਰ ਦੀ ਅਗਵਾਈ ਹੇਠ ਖਾਦ ਸੁਰੱਖਿਆ ਟੀਮ ਵਲੋਂ ਅੱਜ ਲੁਧਿਆਣਾ ਵਿਖੇ ਇਕ ਕੋਲਡ ਸਟੋਰੇਜ ਦੀ ਜਾਂਚ ਕੀਤੀ ਗਈ, ਜਿੱਥੇ ਵੱਡੀ ਮਾਤਰਾ ਵਿਚ ਮਿਠਾਈਆਂ ਸਟੋਰ ਕੀਤੀਆਂ ਗਈਆਂ ਸਨ | ਇਹ ਕਾਰਵਾਈ ਤਿਉਹਾਰੀਂ ਮੌਸਮ ਦੌਰਾਨ ਮਿਠਾਈਆਂ ਅਤੇ ਡੇਅਰੀ ਉਤਪਾਦਾਂ ਦੀ ਗੁਣਵੱਤਾ ਅਤੇ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਜ਼ਿਲੇ੍ਹ ਭਰ ਵਿਚ ਚੱਲ ਰਹੀਆਂ ਨਿਰੰਤਰ ਖਾਦ ਸੁਰੱਖਿਆ ਜਾਂਚਾਂ ਦਾ ਹਿੱਸਾ ਸੀ | ਜਾਂਚ ਦੌਰਾਨ ਟੀਮ ਨੇ ਖੋਆ ਅਤੇ ਗੁਲਾਬ ਜ਼ਾਮਨ ਨੂੰ ਮਨੁੱਖੀ ਖਪਤ ਲਈ ਅਣਉਚਿਤ ਅਤੇ ਖਰਾਬ ਪਾਇਆ, ਕਿਉਂਕਿ ਇਹ ਸਾਮਾਨ ਗੁਣਵੱਤਾਹੀਣ ਅਤੇ ਗਲਤ ਤਰੀਕੇ ਨਾਲ ਸਟੋਰ ਕੀਤਾ ਗਿਆ ਸੀ | ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਕੁੱਲ 160 ਕਿੱਲੋਗ੍ਰਾਮ ਮਿਠਾਈਆਂ, ਜਿਨ੍ਹਾਂ ਵਿਚ ਖੋਆ ਅਤੇ ਗੁਲਾਬ ਜ਼ਾਮਨਾਂ ਸ਼ਾਮਿਲ ਸਨ, ਨੂੰ ਜ਼ਬਤ ਕਰਕੇ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ, ਜਿਸ ਦੀ ਪ੍ਰਕਿਰਿਆ ਅਧਿਕਾਰੀਆਂ ਦੀ ਹਾਜ਼ਰੀ ਵਿਚ ਕੀਤੀ ਗਈ | ਇਸ ਤੋਂ ਇਲਾਵਾ ਰਸਗੁੱਲੇ ਦਾ ਇਕ ਨਮੂਨਾ ਮੌਕੇ ਤੋਂ ਇਕੱਠਾ ਕਰਕੇ ਰਾਜ ਖਾਦ ਪ੍ਰਯੋਗਸ਼ਾਲਾ ਨੂੰ ਭੇਜਿਆ ਗਿਆ ਹੈ | ਪ੍ਰਯੋਗਸ਼ਾਲਾ ਰਿਪੋਰਟ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਐਫ.ਐਸ. ਐਸ.ਏ.ਆਈ. ਦੇ ਤਹਿਤ ਕੀਤੀ ਜਾਵੇਗੀ | ਇਸ ਮੌਕੇ ਡਾ. ਰਮਨਦੀਪ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਜਨਤਾ ਤੱਕ ਸਿਰਫ਼ ਸੁਰੱਖਿਅਤ, ਸਾਫ਼-ਸੁਥਰਾ ਅਤੇ ਉੱਚ ਗੁਣਵੱਤਾ ਵਾਲਾ ਭੋਜਨ ਹੀ ਪਹੁੰਚੇ | ਉਨ੍ਹਾਂ ਕਿਹਾ ਕਿ ਤਿਉਹਾਰੀਂ ਮੌਸਮ ਦੌਰਾਨ ਸਖ਼ਤ ਨਿਗਰਾਨੀ ਅਤੇ ਜਾਂਚ ਮੁਹਿੰਮਾਂ ਜਾਰੀ ਰਹਿਣਗੀਆਂ ਤਾਂ ਜੋ ਮਿਲਾਵਟਖੋਰੀ 'ਤੇ ਰੋਕ ਲਗਾਈ ਜਾ ਸਕੇ ਅਤੇ ਲੋਕਾਂ ਦੀ ਸਿਹਤ ਦੀ ਰੱਖਿਆ ਹੋ ਸਕੇ | ਉਨ੍ਹਾਂ ਸਾਰੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਅਪੀਲ ਕੀਤੀ ਕਿ ਉਹ ਸਫ਼ਾਈ ਅਤੇ ਸੁਰੱਖਿਆ ਦਾ ਪੂਰਾ ਧਿਆਨ ਰੱਖਣ, ਖਰਾਬ ਹੋ ਸਕਣ ਵਾਲੀਆਂ ਵਸਤਾਂ ਜਿਵੇਂ ਕਿ ਮਿਠਾਈਆਂ ਅਤੇ ਡੇਅਰੀ ਉਤਪਾਦਾਂ ਨੂੰ ਠੀਕ ਤਾਪਮਾਨ 'ਤੇ ਸਟੋਰ ਕਰਨ ਅਤੇ ਐਫ.ਐਸ.ਐਸ.ਏ.ਆਈ. ਦੇ ਨਿਯਮਾਂ ਦੀ ਪੂਰੀ ਪਾਲਨਾ ਕਰਨ | ਉਨ੍ਹਾਂ ਕਿਹਾ ਕਿ ਖੁਰਾਕ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |