ਲੁਧਿਆਣਾ, 17 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਕਰਮਚਾਰੀ ਯੂਨੀਅਨ ਵਲੋਂ ਚੇਅਰਮੈਨ ਨਰੇਸ਼ ਧੀਂਗਾਨ ਦੀ ਅਗਵਾਈ ਹੇਠ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਕੋਠੀ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ | ਰੋਸ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਯੂਨੀਅਨ ਦੇ ਆਗੂਆਂ ਤੇ ਮੈਂਬਰਾਂ ਵਲੋਂ ਆਰਤੀ ਚੌਕ ਤੋਂ ਲੈ ਕੇ ਮੰਤਰੀ ਦੀ ਕੋਠੀ ਤੱਕ ਰੋਸ ਮਾਰਚ ਵੀ ਕੱਢਿਆ ਤੇ ਸੂਬਾ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਮੰਗਾਂ ਨਾ ਮੰਨੇ ਜਾਣ 'ਤੇ ਵੱਡੇ ਪੱਧਰ 'ਤੇ ਸੰਘਰਸ਼ ਸ਼ੁਰੂ ਕਰਨ ਦਾ ਵੀ ਐਲਾਨ ਵੀ ਕੀਤਾ | ਇਸ ਮੌਕੇ ਨਰੇਸ਼ ਧੀਂਗਾਨ ਨੇ ਕਿਹਾ ਕਿ ਬੀਤੇ ਦਿਨੀਂ ਕਰਮਚਾਰੀ ਯੂਨੀਅਨ ਵਲੋਂ ਮੰਗ ਪੱਤਰ ਨਿਗਮ ਪ੍ਰਸ਼ਾਸਨ ਨੂੰ ਦਿੱਤਾ ਗਿਆ ਸੀ, ਜਿਸ 'ਚ ਮੰਗ ਕੀਤੀ ਗਈ ਸੀ ਕਿ 2022 ਦੌਰਾਨ ਕਈ ਓਵਰਏਜ ਮੁਲਾਜ਼ਮ ਪੱਕਾ ਹੋਣ ਤੋਂ ਵਾਂਝੇ ਰਹਿ ਗਏ ਸਨ, ਜਿਸ ਸੰਬੰਧੀ ਮਤਾ ਪਾਸ ਕਰਕੇ ਨਗਰ ਨਿਗਮ ਵਲੋਂ ਬਕਾਇਦਾ ਪੰਜਾਬ ਸਰਕਾਰ ਨੂੰ ਛੇ ਮਹੀਨੇ ਪਹਿਲਾਂ ਭੇਜਿਆ ਗਿਆ ਸੀ, ਪਰ ਹੁਣ ਤੱਕ ਨਾ ਹੀ ਉਹ ਮਤਾ ਵਾਪਸ ਆਇਆ ਹੈ ਤੇ ਨਾ ਹੀ ਓਵਰਏਜ ਮੁਲਾਜ਼ਮਾਂ ਨੂੰ ਨਿਗਮ ਵਲੋਂ ਪੱਕਾ ਕੀਤਾ ਤੇ ਉਨ੍ਹਾਂ ਕਿਹਾ ਕਿ ਨਗਰ ਨਿਗਮ ਵਿਚ ਠੇਕੇਦਾਰੀ ਪ੍ਰਥਾ ਬੰਦ ਕੀਤੀ ਜਾਵੇ ਤੇ ਜਿਹੜੇ ਵਾਲਮੀਕਿ ਸਮਾਜ ਦੇ ਲੋਕ ਡੋਰ-ਟੂ-ਡੋਰ ਕੂੜਾ ਚੁੱਕਣ ਦਾ ਕੰਮ ਕਰਦੇ ਹਨ, ਇਹ ਕੰਮ ਵਾਲਮੀਕਿ ਸਮਾਜ ਦੇ ਲੋਕਾਂ ਨੂੰ ਕਰਨ ਦਿੱਤਾ ਜਾਵੇ ਅਤੇ ਕੂੜਾ ਦੇ ਪ੍ਰਬੰਧ ਲਈ ਵਾਰਡ ਵਾਈਸ ਡੰਪਿੰਗ ਪੁਆਇੰਟ ਬਣਾਏ ਜਾਣ | ਉਨ੍ਹਾਂ ਵਿਸ਼ੇਸ਼ ਤੌਰ 'ਤੇ ਕਿਹਾ ਕਿ ਵਾਰ-ਵਾਰ ਯਾਦ ਪੱਤਰ ਦੇਣ ਦੇ ਬਾਵਜੂਦ ਵੀ ਨਿਗਮ ਪ੍ਰਸ਼ਾਸਨ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ ਹੈ | ਇਸ ਲਈ ਯੂਨੀਅਨ ਵਲੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਗੁਰਦੇਵ ਨਗਰ ਸਥਿਤ ਕੋਠੀ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਵੱਡੇ ਪੱਧਰ 'ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ | ਇਸ ਮੌਕੇ ਰਵੀ ਬਾਲੀ, ਅਜੇਪਾਲ ਦਿਸ਼ਾਵਰ, ਰਾਜਵੀਰ ਚੌਟਾਲਾ, ਵਿੱਕੀ ਰਹੇਲਾ ਯੂਨੀਅਨ ਪ੍ਰਧਾਨ, ਪਿੰਕਾ ਚੰਡਾਲਿਆ, ਸੁਭਾਸ਼ ਸੌਦੇ, ਪੱਪੂ ਬੇਦੀ, ਰਾਜੇਸ਼ ਟਾਂਕ, ਰਵੀ ਮਤੰਗ, ਬੱਬਲੂ ਧੀਂਗਾਨ, ਵਰੁਣ ਰਾਜ, ਪਵਨ ਟਾਂਕ, ਅਰਜੁਨ ਭੂੰਬਕ, ਬੱਬਲੂ ਧੀਂਗਾਨ, ਸੁਮਿਤ ਚੌਟਾਲਾ, ਕਰਮਵੀਰ ਬੱਦੋਵਾਲ, ਜੱਸਾ ਸੂਦ, ਕਰਮਵੀਰ ਸੌਦੇ, ਜੋਨੀ ਕਾਂਗੜਾ, ਪ੍ਰਦੀਪ ਲਾਂਬਾ, ਚਿਕਲੂ ਪਾਸਵਾਨ, ਗੋਤਮ ਪਰੋਚਾ, ਰਾਜਨ ਪਰੋਚਾ, ਬਲਵੀਰ ਮਾਥੁਰ, ਹਰਜੋਤ ਸਿੰਘ ਆਦਿ ਮੌਜੂਦ ਸਨ |