ਲੁਧਿਆਣਾ, 17 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਇਕ ਮਹੀਨੇ ਦੇ ਕਰੀਬ ਵਿਦੇਸ਼ ਪ੍ਰਚਾਰਕ ਦੌਰੇ ਉਪਰੰਤ ਦੇਸ਼ ਪਰਤੇ ਜਵੱਦੀ ਟਕਸਾਲ ਦੇ ਮੁਖੀ ਸੰਤ ਗਿਆਨੀ ਅਮੀਰ ਸਿੰਘ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਇਆ | ਸਮਾਗਮ ਦੇ ਆਰੰਭ 'ਚ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੀਰਤਨ ਕੀਤੇ | ਜੁੜੀਆਂ ਸੰਗਤਾਂ ਸਨਮੁੱਖ ਸੰਤ ਬਾਬਾ ਅਮੀਰ ਸਿੰਘ ਨੇ ਬਾਰਹ ਮਾਹਾ ਤੁਖਾਰੀ ਤੇ ਬਾਰਹ ਮਾਹਾ ਮਾਂਝ ਦੀਆਂ ਪਾਵਨ ਪਉੜੀਆਂ ਵਿਚਲੇ ਕੱਤਕ ਮਹੀਨੇ ਦੀ ਸੁਹਾਵਣੀ ਤੇ ਸੀਤਲ ਬਹਾਰ ਦੇ ਪਰਥਾਏ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਦੁਰਲੱਬ ਮਨੁੱਖ ਜਨਮ ਤੇ ਜੀਵਨ ਨੂੰ ਸਫਲਾ ਬਣਾਉਣ ਲਈ ਗੁਰਮਤਿ ਗਾਡੀ ਮਾਰਗ ਦੇ ਪਾਂਧੀ ਬਣਨ 'ਤੇ ਜ਼ੋਰ ਦਿੱਤਾ | ਬਾਬਾ ਜੀ ਨੇ ਕੱਤਕ ਦੇ ਮਹੀਨੇ ਦਾ ਹਵਾਲਾ ਦਿੰਦਿਆਂ ਜ਼ੋਰ ਦਿੱਤਾ ਕਿ ਅਨੁਕੂਲ ਵਾਤਾਵਰਨ 'ਚ ਜੇਕਰ ਗੁਰਮੁਖਾਂ ਦਾ ਸਥ ਨਸੀਬ ਹੋ ਜਾਵੇ ਤਾਂ ਸਾਰੇ ਦੁੱਖ ਫ਼ਿਕਰ ਫਾਕੇ ਵੀ ਦੂਰ ਹੋ ਜਾਂਦੇ ਹਨ ਤੇ ਰੂਹਾਨੀ ਮੰਜ਼ਿਲ ਵੀ ਨਸੀਬ ਹੋ ਜਾਂਦੀ ਹੈ |