ਐੱਸ. ਏ. ਐੱਸ. ਨਗਰ, 16 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕੋਮਲ ਮਿੱਤਲ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਐਨ. ਜੀ. ਓਜ਼. ਦੇ ਸਹਿਯੋਗ ਨਾਲ 'ਵਿਸ਼ਵ ਖ਼ੂਨਦਾਨ ਦਿਵਸ' ਮੌਕੇ ਹੋਟਲ ਲੋਰਡਜ਼ ਇੰਨ ਜ਼ੀਰਕਪੁਰ, ਮੁਹਾਲੀ ਦੇ ਫੇਜ਼-5 ਦੀ ਮਾਰਕੀਟ ਅਤੇ ਮੈਟਰੋ ਸਿਟੀ ਜ਼ੀਰਕਪੁਰ ਵਿਖੇ ਸਵੈ-ਇਛੁੱਕ ਖ਼ੂਨਦਾਨ ਕੈਂਪ ਲਗਾਏ ਗਏ | ਕੈਂਪਾਂ ਦੌਰਾਨ ਡਾਕਟਰਾਂ ਦੀਆਂ ਟੀਮਾਂ ਵਲੋਂ 95 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ | ਇਸ ਮੌਕੇ ਖ਼ੂਨਦਾਨੀਆਂ ਨੂੰ ਵੱਧ ਤੋਂ ਵੱਧ ਖ਼ੂਨਦਾਨ ਕਰਨ ਲਈ ਉਤਸ਼ਾਹਿਤ ਕਰਦਿਆਂ ਰੈੱਡ ਕਰਾਸ ਸਕੱਤਰ ਹਰਬੰਸ ਸਿੰਘ ਨੇ ਦੱਸਿਆ ਕਿ ਲੋਕਾਂ 'ਚ ਇਹ ਗ਼ਲਤ ਧਾਰਨਾ ਹੈ ਕਿ ਖ਼ੂਨਦਾਨ ਕਰਨ ਨਾਲ ਸਰੀਰ ਵਿਚ ਕਮਜ਼ੋਰੀ ਆਉਂਦੀ ਹੈ | ਉਨ੍ਹਾਂ ਕਿਹਾ ਕਿ ਖ਼ੂਨਦਾਨ ਕਰਕੇ ਕੋਈ ਕਮਜ਼ੋਰੀ ਨਹੀ ਆਉਂਦੀ, ਬਲਕਿ ਹਰ ਕਿਸੇ ਨੂੰ 90 ਦਿਨਾਂ ਵਿਚ ਇਕ ਵਾਰ ਖ਼ੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ | ਕੈਂਪ ਦੌਰਾਨ ਖ਼ੂਨਦਾਨੀਆਂ ਨੂੰ ਬੈਜ ਲਗਾਏ ਗਏ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ |