ਕੁਰਾਲੀ, 16 ਜੂਨ (ਹਰਪ੍ਰੀਤ ਸਿੰਘ)-ਕੁਰਾਲੀ ਨੇੜਲੇ ਪਿੰਡ ਸ਼ਾਹਪੁਰ ਵਿਖੇ ਗ੍ਰਾਮ ਪੰਚਾਇਤ ਤੇ ਸਮੂਹ ਪਿੰਡ ਵਾਸੀਆਂ ਵਲੋਂ 'ਪੁਆਧੀ ਅਖਾੜਾ' ਲਗਾਇਆ | ਇਸ ਮੌਕੇ ਭਗਤ ਆਸਾ ਰਾਮ ਪੁਆਧੀ ਅਖਾੜਾ ਸੋਹਾਣਾ ਦੀ ਭਗਤ ਸਮਰਦੀਪ ਸਿੰਘ ਸੋਹਾਣਾ ਦੀ ਅਗਵਾਈ 'ਚ ਆਈ ਟੀਮ ਨੇ ਪੁਰਾਤਨ ਲੋਕ ਕਥਾਵਾਂ ਦਾ ਗਾਇਨ ਪੁਰਾਤਨ ਸਾਜਾਂ ਨਾਲ ਖ਼ੂਬਸੂਰਤ ਢੰਗ ਨਾਲ ਕੀਤਾ | ਇਸ ਅਖਾੜੇ 'ਚ ਸ਼ਿਵ ਸ਼ੰਕਰ, ਹੀਰ, ਮਿਰਜ਼ਾ ਤੇ ਹੋਰ ਕਈ ਲੋਕ ਕਥਾਵਾਂ ਨੂੰ ਪੁਰਾਤਨ ਅੰਦਾਜ਼ 'ਚ ਪੇਸ਼ ਕੀਤਾ, ਜਿਸ ਦਾ ਸਰੋਤਿਆਂ ਨੇ ਭਰਪੂਰ ਅਨੰਦ ਮਾਣਿਆ | ਅਖਾੜੇ ਦਾ ਉਦਘਾਟਨ ਸਮਾਜ ਸੇਵੀ ਰਜਿੰਦਰ ਸਿੰਘ ਪ੍ਰਧਾਨ ਇਨਸਾਨੀਅਤ ਸੰਸਥਾ ਕੁਰਾਲੀ ਵਲੋਂ ਕੀਤਾ, ਜਦ ਕਿ ਯੂਥ ਆਗੂ ਮਨਪ੍ਰੀਤ ਸਿੰਘ ਗੜਾਂਗ ਨੇ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਲੁਆਈ | ਇਸ ਮੌਕੇ ਰਜਿੰਦਰ ਸਿੰਘ ਨੇ ਪਿੰਡ ਵਾਸੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਗਤ ਆਸਾ ਰਾਮ ਅਖਾੜਾ ਪ੍ਰੰਪਰਾ ਦੇ ਮੋਢੀ ਸਨ ਤੇ ਲੋਕ ਅੱਜ ਵੀ ਉਨ੍ਹਾਂ ਦੇ ਲਿਖੇ ਇਤਿਹਾਸ ਤੇ ਲੋਕ-ਕਥਾਵਾਂ ਨੂੰ ਯਾਦ ਕਰਦੇ ਹਨ ਤੇ ਗਾਉਂਦੇ ਹਨ | ਉਨ੍ਹਾਂ ਲੋਕਾਂ ਨੂੰ ਅਖਾੜਿਆਂ ਦੀ ਇਸ ਰਿਵਾਇਤ ਨੂੰ ਜਿਊਾਦਾ ਰੱਖਣ ਦਾ ਹੋਕਾ ਦਿੰਦੇ ਹੋਏ ਕਿਹਾ ਕਿ ਸਾਰੇ ਪਿੰਡਾਂ ਨੂੰ ਅਜਿਹੇ ਅਖਾੜੇ ਲਗਵਾਉਣੇ ਚਾਹੀਦੇ ਹਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਇਤਿਹਾਸ ਤੋਂ ਜਾਣੂ ਰਹਿਣ | ਇਸ ਮੌਕੇ ਗੁਰਿੰਦਰ ਸਿੰਘ ਤੇ ਅਮਰ ਸਿੰਘ ਕੁਰਾਲੀ ਆਦਿ ਪਤਵੰਤਿਆਂ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲੁਆਈ | ਇਸ ਮੌਕੇ ਪਿੰਡ ਵਾਸੀਆਂ ਵਲੋਂ ਠੰਢੇ-ਮਿੱਠੇ ਜਲ ਦੀ ਛਬੀਲ ਤੇ ਲੰਗਰ ਵੀ ਵਰਤਾਇਆ ਗਿਆ |