ਲਾਲੜੂ, 18 ਜੂਨ (ਰਾਜਬੀਰ ਸਿੰਘ)-ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਲਾਲੜੂ ਨੇੜੇ ਕਾਰ ਦੀ ਟੱਕਰ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ | ਪੁਲਿਸ ਨੇ ਮਿ੍ਤਕ ਦੀ ਪਛਾਣ 30 ਸਾਲਾ ਜੈਪਾਲ ਪੁੱਤਰ ਜਗੀਰ ਸਿੰਘ ਵਾਸੀ ਢੇਹਾ ਬਸਤੀ ਲਾਲੜੂ ਮੰਡੀ ਵਜੋਂ ਹੋਈ ਦੱਸੀ ਹੈ | ਪੁਲਿਸ ਨੇ ਕਾਰ ਚਾਲਕ ਨੂੰ ਗਿ੍ਫ਼ਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਇਹ ਹਾਦਸਾ ਵਿਕਾਸ ਫਿਲਿੰਗ ਸਟੇਸ਼ਨ ਨੇੜੇ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਵਾਪਰਿਆ | ਜੈਪਾਲ ਆਪਣੇ ਭਤੀਜੇ ਨਾਲ ਕੌਮੀ ਮਾਰਗ ਨੂੰ ਪਾਰ ਕਰ ਰਿਹਾ ਸੀ ਅਤੇ ਵਿਚਕਾਰਲੇ ਡਿਵਾਈਡਰ 'ਤੇ ਅੰਬਾਲਾ ਕੌਮੀ ਮਾਰਗ ਨੂੰ ਪਾਰ ਕਰਨ ਹੀ ਵਾਲਾ ਸੀ | ਇਸੇ ਦੌਰਾਨ ਡੇਰਾਬੱਸੀ ਵਲੋਂ ਆਈ ਇਕ ਕਾਰ ਨੇ ਜੈਪਾਲ ਨੂੰ ਟੱਕਰ ਮਾਰ ਦਿੱਤੀ | ਜਾਂਚ ਅਧਿਕਾਰੀ ਏ. ਐਸ. ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਜੈਪਾਲ ਨੂੰ ਜ਼ਖ਼ਮੀ ਹਾਲਤ 'ਚ ਅੰਬਾਲਾ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਕਿ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ | ਹਾਦਸੇ 'ਚ ਮਿ੍ਤਕ ਦਾ ਭਤੀਜਾ ਵਾਲ-ਵਾਲ ਬਚ ਗਿਆ | ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ |