ਐੱਸ. ਏ. ਐੱਸ. ਨਗਰ, 24 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬੀ ਵਿਰਸਾ ਤੇ ਸੱਭਿਆਚਾਰਕ ਸੁਸਾਇਟੀ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਚੰਡੀਗੜ੍ਹ ਦੇ ਮਸਲੇ 'ਤੇ ਚਿਤਾਵਨੀ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਨਾਲ ਵਾਰ-ਵਾਰ ਸਾਜ਼ਿਸ਼ਾਂ ਕਰਨ ਦੀ ਬਜਾਏ ਇਕ ਵਾਰ ਭੁਲੇਖਾ ਕੱਢ ਹੀ ਲੈਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸਾਫ਼ ਪਤਾ ਹੈ ਕਿ ਪੰਜਾਬੀ ਉਸ ਦੀ ਕਿਸੇ ਵੀ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦੇਣਗੇ ਪਰ ਇਸ ਦੇ ਬਾਵਜੂਦ ਪਹਿਲੀਆਂ ਅਤੇ ਮੌਜੂਦਾ ਸਰਕਾਰ ਵਾਰ-ਵਾਰ ਪੰਜਾਬੀਆਂ ਨੂੰ ਪ੍ਰਖਣ ਦੀ ਕੋਸ਼ਿਸ਼ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਇਤਿਹਾਸਕ ਕਿਸਾਨ ਅੰਦੋਲਨ ਸਭ ਤੋਂ ਵੱਡੀ ਮਿਸਾਲ ਹੈ ਅਤੇ ਜਦੋਂ ਪੰਜਾਬੀਆਂ ਦੇ ਵੱਡੇ ਸੰਘਰਸ਼ ਨੇ ਕੇਂਦਰ ਸਰਕਾਰ ਨੂੰ ਮੂਧੇ ਮੂੰਹ ਕਰ ਦਿੱਤਾ ਸੀ ਪਰ ਫਿਰ ਵੀ ਸਰਕਾਰ ਆਪਣੀਆਂ ਚਾਲਾਂ ਤੋਂ ਬਾਜ਼ ਨਹੀਂ ਆ ਰਹੀ | ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਹੈ, ਜੋ ਕਿ ਹਮੇਸ਼ਾ ਹੀ ਪੰਜਾਬ ਦਾ ਹਿੱਸਾ ਰਹੇਗਾ ਅਤੇ ਕੋਈ ਵੀ ਤਾਕਤ ਇਸ ਨੂੰ ਪੰਜਾਬੀਆਂ ਕੋਲੋਂ ਖੋਹ ਨਹੀਂ ਸਕਦੀ | ਉਨ੍ਹਾਂ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਨੇ ਪੰਜਾਬੀਆਂ ਦੇ ਰੋਹ ਨੂੰ ਦੇਖਦਿਆਂ ਆਪਣਾ ਫ਼ੈਸਲਾ ਹਾਲ ਦੀ ਘੜੀ ਰੋਕ ਲਿਆ ਹੈ ਪਰ ਪੰਜਾਬੀਆਂ ਨੂੰ ਭਵਿੱਖ ਵਿਚ ਖ਼ਬਰਦਾਰ ਰਹਿਣਾ ਪੈਣਾ ਹੈ ਤਾਂ ਕਿ ਕੇਂਦਰ ਦੀ ਕੋਈ ਵੀ ਸਾਜ਼ਿਸ਼ ਕਾਮਯਾਬ ਨਾ ਹੋ ਸਕੇ |