ਐੱਸ. ਏ. ਐੱਸ. ਨਗਰ, 23 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲ ਪੰਜਾਬ ਸਕੂਲ ਸਿੱਖਿਆ ਬੋਰਡ ਦੀ 500 ਕਰੋੜ ਰੁ: ਦੇ ਕਰੀਬ ਦੀ ਬਕਾਇਆ ਰਾਸ਼ੀ ਜਾਰੀ ਨਾ ਹੋਣ ਦੇ ਚੱਲਦਿਆਂ ਸਿੱਖਿਆ ਬੋਰਡ ਇਸ ਵੇਲੇ ਗੰਭੀਰ ਅਤੇ ਨਾਜ਼ੁਕ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ | ਇਸ ਵਿਚਾਰ ਦਾ ਪ੍ਰਗਟਾਵਾ ਕਰਦਿਆਂ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਬੈਨੀਪਾਲ ਨੇ ਕਿਹਾ ਕਿ ਬੋਰਡ ਸਾਲਾਂ ਤੋਂ ਪੰਜਾਬ ਸਰਕਾਰ ਦੀ ਨੀਤੀ ਅਨੁਸਾਰ ਪਹਿਲੀ ਤੋਂ 10ਵੀਂ ਤੱਕ ਦੇ ਵਿਦਿਆਰਥੀਆਂ ਲਈ ਮੁਫ਼ਤ ਪਾਠ ਪੁਸਤਕਾਂ ਦੀ ਛਪਾਈ ਅਤੇ ਸਪਲਾਈ ਸੰਬੰਧੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਅ ਰਿਹਾ ਹੈ ਪਰ ਬਕਾਇਆ ਰਾਸ਼ੀ ਜਾਰੀ ਨਾ ਹੋਣ ਕਾਰਨ ਬੋਰਡ ਦੀ ਕਾਰਗੁਜ਼ਾਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ | ਉਨ੍ਹਾਂ ਕਿਹਾ ਕਿ ਸਿੱਖਿਆ ਬੋਰਡ ਦਾ ਪੰਜਾਬ ਸਰਕਾਰ ਦੇ ਵਿਭਾਗ ਸਮੱਗਰ ਸਿੱਖਿਆ ਅਭਿਆਨ ਵੱਲ 27 ਕਰੋੜ ਦੇ ਕਰੀਬ, ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ (ਭਲਾਈ ਵਿਭਾਗ) ਵੱਲ 229 ਕਰੋੜ ਦੇ ਕਰੀਬ, ਸਿੱਖਿਆ ਵਿਭਾਗ ਡੀ. ਪੀ. ਆਈ., ਈ. ਡੀ. ਐਸ ਵੱਲ 80 ਕਰੋੜ ਦੇ ਕਰੀਬ ਅਤੇ ਐਸ. ਸੀ. ਈ. ਆਰ. ਟੀ. ਵੱਲ ਪ੍ਰੀਖਿਆ ਫ਼ੀਸਾਂ ਦਾ 171 ਕਰੋੜ ਰੁ: ਬਕਾਇਆ ਅਤੇ ਸਿੱਖਿਆ ਵਿਭਾਗ ਨੂੰ ਕਿਰਾਏ 'ਤੇ ਦਿੱਤੀ ਬਿਲਡਿੰਗ ਦਾ 30 ਕਰੋੜ ਰੁ: ਬਕਾਇਆ ਹੈ | ਉਨ੍ਹਾਂ ਕਿਹਾ ਕਿ ਵਿੱਤੀ ਫ਼ੰਡਾਂ ਦੀ ਘਾਟ ਕਾਰਨ ਬੋਰਡ ਵਿਚ ਪਿਛਲੇ 4-5 ਸਾਲਾਂ ਤੋਂ ਬਿਲਡਿੰਗਾਂ ਦੀ ਮੁਰੰਮਤ, ਪੇਂਟ, ਰਿਹਾਇਸ਼ੀ ਕੰਪਲੈਕਸ ਦੀ ਸੰਭਾਲ, ਬਾਥਰੂਮਾਂ ਅਤੇ ਹੋਰ ਬੇਸਿਕ ਸੁਵਿਧਾਵਾਂ ਦੀ ਮੁਰੰਮਤ ਨਹੀਂ ਹੋ ਸਕੀ | ਇਥੇ ਤੱਕ ਕਿ ਬੋਰਡ ਕੋਲ ਕੰਪਿਊਟਰ, ਜਰੂਰੀ ਦਫ਼ਤਰੀ ਸਾਮਾਨ, ਸਟੇਸ਼ਨਰੀ ਅਤੇ ਆਈ. ਟੀ. ਉਪਕਰਨ ਖ਼ਰੀਦਣ ਲਈ ਵੀ ਫ਼ੰਡ ਨਹੀਂ ਹਨ | ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿ ਬੋਰਡ ਆਪਣੇ ਮੁਲਾਜ਼ਮਾਂ ਦੇ ਸਮੇਂ ਸਿਰ ਬਕਾਏ, ਤਨਖ਼ਾਹ ਅਤੇ ਪੈਨਸ਼ਨ ਦੇਣ ਵਿਚ ਅਸਮਰੱਥ ਹੋ ਰਿਹਾ ਹੈ | ਆਗੂਆਂ ਨੇ ਪੰਜਾਬ ਸਰਕਾਰ ਨੂੰ ਬੋਰਡ ਦੀ 500 ਕਰੋੜ ਰੁ: ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕਰਨ ਦੀ ਅਪੀਲ ਕੀਤੀ ਹੈ |