ਚੰਡੀਗੜ੍ਹ, 24 ਨਵੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਰਕਾਰ ਨੇ 26 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਵਿਚ ਇਕ ਦਿਨ ਲਈ ਇਕ ਵਿਸ਼ੇਸ਼ ਵਿਦਿਆਰਥੀ ਸੈਸ਼ਨ ਬੁਲਾਇਆ ਹੈ | ਇਹ ਸੈਸ਼ਨ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਸਰਕਾਰੀ ਸਕੂਲਾਂ ਵਿਚੋਂ ਚੁਣੇ ਗਏ ਵਿਦਿਆਰਥੀਆਂ ਦੁਆਰਾ ਕਰਵਾਇਆ ਜਾਵੇਗਾ, ਜਿਸ ਵਿਚ ਫਰੀਦਕੋਟ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਵਿਦਿਆਰਥੀ ਜਗਮੰਦਰ ਸਿੰਘ ਕੋਟਕਪੂਰਾ ਵਿਧਾਨ ਸਭਾ ਹਲਕੇ ਤੋਂ ਸਪੀਕਰ ਵਜੋਂ ਪ੍ਰਤੀਨਿਧਤਾ ਕਰੇਗਾ | ਜਗਮੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਵਿਚ ਰਾਜਨੀਤਿਕ ਜਾਗਰੂਕਤਾ ਪੈਦਾ ਕਰਨ ਲਈ, ਪੰਜਾਬ ਸਰਕਾਰ ਨੇ ਸੰਵਿਧਾਨ ਦਿਵਸ ਦੇ ਮੌਕੇ 'ਤੇ 26 ਨਵੰਬਰ ਨੂੰ ਇਕ ਦਿਨ ਲਈ ਵਿਧਾਨ ਸਭਾ ਸੈਸ਼ਨ ਕਰਵਾਉਣ ਦਾ ਫੈਸਲਾ ਕੀਤਾ ਹੈ | ਇਸ ਸੈਸ਼ਨ ਵਿਚ, ਵਿਧਾਨ ਸਭਾ ਸਪੀਕਰ, ਮੁੱਖ ਮੰਤਰੀ ਅਤੇ ਵਿਧਾਇਕ ਦੀਆਂ ਭੂਮਿਕਾਵਾਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਨਿਭਾਈਆਂ ਜਾਣਗੀਆਂ | ਇਸ ਨਾਲ ਵਿਦਿਆਰਥੀਆਂ ਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਵੀ ਮਿਲੇਗਾ | ਜਗਮੰਦਰ ਸਿੰਘ ਨੇ ਕਿਹਾ ਕਿ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਹਨ ਕਿ ਉਹ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿਚ ਇਕ ਵਿਧਾਇਕ ਵਜੋਂ ਹਿੱਸਾ ਲੈਣ ਜਾ ਰਹੇ ਹਨ ਅਤੇ ਸਦਨ ਦੇ ਸਪੀਕਰ ਦੇ ਮਾਣਯੋਗ ਅਹੁਦੇ ਦੀ ਕੁਰਸੀ 'ਤੇ ਬੈਠਣਗੇ |ਰਾਜ ਭਰ ਦੇ ਸਰਕਾਰੀ ਸਕੂਲਾਂ ਵਿਚੋਂ ਚੁਣੇ ਗਏ ਵਿਦਿਆਰਥੀ ਮੁੱਖ ਮੰਤਰੀ, ਸਪੀਕਰ, ਮੰਤਰੀਆਂ, ਵਿਧਾਇਕਾਂ ਅਤੇ ਵਿਰੋਧੀ ਧਿਰ ਦੀਆਂ ਭੂਮਿਕਾਵਾਂ ਨਿਭਾਉਣਗੇ | ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅਜਿਹੇ ਸੈਸ਼ਨ ਹਰ ਸਾਲ ਕੀਤੇ ਜਾਣਗੇ ਤਾਂ ਜੋ ਨੌਜਵਾਨ ਸਿੱਧੇ ਤੌਰ 'ਤੇ ਸ਼ਾਸਨ ਪ੍ਰਣਾਲੀ ਨਾਲ ਜੁੜ ਸਕਣ |