ਚੰਡੀਗੜ੍ਹ, 24 ਨਵੰਬਰ (ਕਪਿਲ ਵਧਵਾ) ਧਨਾਸ ਸਥਿਤ ਪੁਲਿਸ ਕੰਪਲੈਕਸ 'ਚ ਸੋਮਵਾਰ ਨੂੰ ਇਕ ਛੋਟੀ ਗੱਲ ਤੋਂ ਸ਼ੁਰੂ ਹੋਇਆ ਝਗੜਾ ਗੰਭੀਰ ਰੂਪ ਧਾਰ ਗਿਆ ਜਦੋਂ ਪੁਲਿਸ ਕਰਮਚਾਰੀ ਅਮਿਤ ਨੇ ਦੂਜੇ ਵਿਅਕਤੀ ਸੁਭਾਸ਼ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ | ਸੁਭਾਸ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦਾ ਕਰਮਚਾਰੀ ਹੈ | ਘਟਨਾ 'ਚ ਸੁਭਾਸ਼ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਸੈਕਟਰ-16 ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ |ਜਾਣਕਾਰੀ ਅਨੁਸਾਰ ਪੁਲਿਸ ਕਰਮਚਾਰੀ ਅਮਿਤ ਅਤੇ ਡਿਸਟਿ੍ਕਟ ਕੋਰਟ ਕਰਮਚਾਰੀ ਸੁਭਾਸ਼ ਵਿਚ ਕਿਸੇ ਗੱਲ ਨੂੰ ਲੈ ਕੇ ਤਿੱਖੀ ਬਹਿਸ ਹੋਈ, ਜੋ ਕੁੱਝ ਹੀ ਮਿੰਟਾਂ ਵਿਚ ਹੱਥੋਪਾਈ 'ਚ ਬਦਲ ਗਈ | ਹੰਗਾਮਾ ਵੇਖ ਕੇ ਸੁਭਾਸ਼ ਦੀ ਭੈਣ, ਮਹਿਲਾ ਕਾਂਸਟੇਬਲ ਨੇਹਾ, ਜੋ ਉਸ ਵੇਲੇ ਵਰਦੀ 'ਚ ਸੀ, ਆਪਣੇ ਭਰਾ ਨੂੰ ਬਚਾਉਣ ਲਈ ਭੱਜਦੀ ਆਈ | ਇਹ ਸਭ ਹੋਣ ਤੱਕ ਅਮਿਤ ਨੇ ਚਾਕੂ ਨਾਲ ਸੁਭਾਸ਼ 'ਤੇ ਵਾਰ ਕਰ ਦਿੱਤਾ ਅਤੇ ਕਾਂਸਟੇਬਲ ਨੇਹਾ ਨੂੰ ਧੱਕਾ ਮੁੱਕੀ ਦੌਰਾਨ ਮਾਮੂਲੀ ਸੱਟਾਂ ਲੱਗੀਆਂ ਹਨ | ਜਿਸਦੀ ਵੀਡੀਓ ਉੱਥੇ ਮੌਜੂਦ ਲੋਕਾਂ ਵਲੋਂ ਬਣਾਈ ਗਈ | ਝਗੜੇ ਦੌਰਾਨ ਕੰਪਲੈਕਸ 'ਚ ਹੋਰ ਪਰਿਵਾਰ ਵੀ ਮੌਜੂਦ ਸਨ, ਜਿਨ੍ਹਾਂ 'ਚ ਕੁੱਝ ਪੁਲਿਸ ਕਰਮਚਾਰੀ ਵੀ ਸ਼ਾਮਲ ਸਨ | ਪਰ ਹੈਰਾਨੀਜਨਕ ਗੱਲ ਇਹ ਹੈ ਕਿ ਕਿਸੇ ਨੇ ਵੀ ਦਖ਼ਲ ਦੇ ਕੇ ਝਗੜਾ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ | ਥਾਣਾ ਸਾਰੰਗਪੁਰ ਪੁਲਿਸ ਨੇ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ | ਅਮਿਤ ਕੋਲ ਚਾਕੂ ਕਿੱਥੋਂ ਆਇਆ, ਝਗੜੇ ਦੀ ਅਸਲੀ ਵਜ੍ਹਾ ਕੀ ਸੀ ਅਤੇ ਝਗੜੇ ਦੌਰਾਨ ਉੱਥੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਦਖ਼ਲ ਕਿਉਂ ਨਹੀਂ ਦਿੱਤਾਇਹ ਸਭ ਸਵਾਲ ਹੁਣ ਜਾਂਚ ਦਾ ਹਿੱਸਾ ਹਨ |