22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

-ਮਾਮਲਾ ਮੁਹਾਲੀ ਦੇ ਫੇਜ਼-7 ਨੇੜੇ ਹਿੱਟ ਐਂਡ ਰਨ ਦਾ- ਜ਼ਖ਼ਮੀ ਨੌਜਵਾਨ ਨੇ ਪੁਲਿਸ 'ਤੇ ਕਾਰਵਾਈ ਨਾ ਕਰਨ ਦਾ ਲਗਾਇਆ ਦੋਸ਼

ਅਜੀਤ ਡੈਸਕ 25-11-2025
ਐੱਸ. ਏ. ਐੱਸ. ਨਗਰ, 24 ਨਵੰਬਰ (ਕਪਿਲ ਵਧਵਾ)-ਮੁਹਾਲੀ ਦੇ ਫੇਜ਼-7 ਨੇੜੇ ਬੀਤੀ 2 ਨਵੰਬਰ ਦੀ ਰਾਤ ਨੂੰ ਵਾਪਰੇ ਹਿੱਟ ਐਂਡ ਰਨ ਦੇ ਮਾਮਲੇ 'ਚ ਜ਼ਖ਼ਮੀ ਨੌਜਵਾਨ ਨੇ ਮੁਹਾਲੀ ਪੁਲਿਸ 'ਤੇ ਕਾਰਵਾਈ ਨਾ ਕਰਨ ਅਤੇ ਲਾਪ੍ਰਵਾਹੀ ਵਰਤਣ ਦੇ ਗੰਭੀਰ ਦੋਸ਼ ਲਗਾਏ ਗਏ ਹਨ | ਇਸ ਸੰਬੰਧੀ ਪੀੜਤ ਨਿਸ਼ਾਂਤ ਠਾਕੁਰ ਵਾਸੀ ਸੈਕਟਰ 23-ਸੀ ਚੰਡੀਗੜ੍ਹ ਨੇ ਐਸ. ਐਸ. ਪੀ. ਮੁਹਾਲੀ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ | ਨਿਸ਼ਾਂਤ ਠਾਕੁਰ ਨੇ ਦੱਸਿਆ ਕਿ ਬੀਤੀ 2 ਨਵੰਬਰ ਨੂੰ ਰਾਤ ਦੇ ਕਰੀਬ 9 ਵਜੇ ਜਦੋਂ ਉਹ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵੱਲ ਜਾ ਰਿਹਾ ਸੀ ਤਾਂ ਫੇਜ਼-7 ਦੇ ਚੌਕ ਨੇੜੇ ਇਕ ਹੁੰਡਈ ਆਈ ਟਵੰਟੀ ਕਾਰ ਨੇ ਉਸ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਅਤੇ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ | ਟੱਕਰ ਇੰਨੀ ਜਬਰਦਸਤ ਸੀ ਕਿ ਉਸ ਦੇ ਦੋਨੋਂ ਮੋਬਾਈਲ ਫ਼ੋਨ ਟੁੱਟ ਗਏ ਅਤੇ ਕਾਰ ਦੇ ਸ਼ੀਸ਼ੇ ਦੇ ਟੁਕੜੇ ਖੱਬੀ ਬਾਂਹ 'ਚ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ | ਇਸੇ ਦੌਰਾਨ ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਇਲਾਜ ਲਈ ਤੁਰੰਤ ਫੇਜ਼-6 ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ, ਜਿਥੋਂ ਉਸ ਨੂੰ ਜੀ. ਐਮ. ਸੀ. ਐਚ. ਸੈਕਟਰ-16 ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਗਿਆ | ਇਸ ਤੋਂ ਬਾਅਦ 6 ਨਵੰਬਰ ਨੂੰ ਉਸ ਦੀ ਸਰਜਰੀ ਹੋਈ ਅਤੇ 8 ਨਵੰਬਰ ਨੂੰ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ | ਇਸ ਤੋਂ ਬਾਅਦ ਉਹ ਸ਼ਿਕਾਇਤ ਦੇਣ ਲਈ ਮਟੌਰ ਥਾਣੇ ਵਿਖੇ ਗਿਆ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ | ਮਾਮਲੇ ਦੀ ਤਫ਼ਤੀਸ਼ੀ ਅਫ਼ਸਰ ਏ. ਐਸ. ਆਈ. ਕੇਸਰ ਸਿੰਘ 'ਤੇ ਗੰਭੀਰ ਦੋਸ਼ ਲਗਾਉਂਦਿਆਂ ਨਿਸ਼ਾਂਤ ਠਾਕੁਰ ਨੇ ਕਿਹਾ ਕਿ ਉਹ ਕਈ ਵਾਰ ਮਾਮਲਾ 'ਸੈਟਲ' ਕਰਨ ਲਈ ਦਬਾਅ ਬਣਾਉਂਦਾ ਰਿਹਾ ਅਤੇ ਉਸ ਦਾ ਵਿਵਹਾਰ ਸਹੀ ਨਹੀਂ ਸੀ | ਨਿਸ਼ਾਂਤ ਠਾਕੁਰ ਨੇ ਇਹ ਵੀ ਦਾਅਵਾ ਕੀਤਾ ਕਿ ਹਾਦਸੇ ਲਈ ਜ਼ਿੰਮੇਵਾਰ ਕਾਰ ਚਾਲਕ ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਰਿਸ਼ਤੇਦਾਰ ਹੈ, ਜਿਸ ਕਾਰਨ ਜਾਂਚ ਪ੍ਰਭਾਵਿਤ ਹੋ ਰਹੀ ਹੈ | ਜਦੋਂ ਉਸ ਨੇ ਕਾਨੂੰਨੀ ਕਾਰਵਾਈ ਕਰਨ ਲਈ ਜ਼ੋਰ ਦਿੱਤਾ ਤਾਂ ਤਫ਼ਤੀਸ਼ੀ ਅਫ਼ਸਰ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਥਾਣੇ ਦੀ ਹੱਦ ਅੰਦਰ ਨਹੀਂ ਆਉਂਦਾ | ਨਿਸ਼ਾਂਤ ਠਾਕੁਰ ਦਾ ਕਹਿਣਾ ਹੈ ਕਿ ਜੇਕਰ ਉਕਤ ਮਾਮਲਾ ਥਾਣਾ ਮਟੌਰ ਦੀ ਹਦੂਦ 'ਚ ਨਹੀਂ ਆਉਂਦਾ ਸੀ ਤਾਂ ਉਕਤ ਅਧਿਕਾਰੀ ਇੰਨੇ ਦਿਨਾਂ ਤੋਂ ਮਾਮਲੇ ਨੂੰ ਡੀਲ ਕਿਉਂ ਕਰ ਰਹੇ ਸਨ | ਪੀੜਤ ਨਿਸ਼ਾਂਤ ਠਾਕੁਰ ਨੇ ਐਸ. ਐਸ. ਪੀ. ਮੁਹਾਲੀ ਨੂੰ ਦਿੱਤੀ ਅਰਜ਼ੀ 'ਚ ਮੰਗ ਕੀਤੀ ਹੈ ਕਿ ਹਿੱਟ ਐਂਡ ਰਨ ਦੇ ਮਾਮਲੇ 'ਚ ਤੁਰੰਤ ਐਫ. ਆਈ. ਆਰ. ਦਰਜ ਕੀਤੀ ਜਾਵੇ ਤੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ | ਉਸ ਨੇ ਕਿਹਾ ਕਿ ਆਈ ਟਵੰਟੀ ਕਾਰ ਦੇ ਚਾਲਕ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਏ. ਐਸ. ਆਈ. ਕੇਸਰ ਸਿੰਘ ਦੇ ਵਿਵਹਾਰ ਅਤੇ ਲਾਪ੍ਰਵਾਹੀ ਦੀ ਜਾਂਚ ਹੋਵੇ | ਇਸ ਤੋਂ ਇਲਾਵਾ ਇਕ ਵੱਖਰੇ ਮਾਮਲੇ 'ਚ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋਏ ਵਿਅਕਤੀ ਰਜਿੰਦਰ ਕੁਮਾਰ ਮਾਰਕੰਡਾ ਨੇ ਪੁਲਿਸ 'ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ | ਸ਼ਿਕਾਇਤਕਰਤਾ ਨੇ ਦੱਸਿਆ ਕਿ 26 ਸਤੰਬਰ ਨੂੰ ਉਸ ਦੇ ਮੋਟਰਸਾਈਕਲ ਦੀ ਇਕ ਆਰਟੀਗਾ ਟੈਕਸੀ ਨਾਲ ਟੱਕਰ ਹੋ ਗਈ ਸੀ | ਸਿਰਫ਼ ਐਮ. ਐਲ. ਆਰ. ਨਾ ਕੱਟੇ ਜਾਣ ਕਾਰਨ ਪੁਲਿਸ ਨੇ ਉਸ ਦੀ ਕੋਈ ਸੁਣਵਾਈ ਨਹੀਂ ਕੀਤੀ, ਸਗੋਂ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਵਾਲੇ ਦਾ ਪੱਖ ਪੂਰਿਆ | ਉਧਰ ਪੁਲਿਸ ਉਕਤ ਮਾਮਲਿਆਂ 'ਚ ਕਿਸੇ ਤਰ੍ਹਾਂ ਦਾ ਜਵਾਬ ਦੇਣ ਤੋਂ ਬਚ ਰਹੀ ਹੈ |
ਪਿਛਲੀ ਖ਼ਬਰ ਸਾਬਕਾ ਮੰਤਰੀ ਸਿੱਧੂ ਨੇ ਹਲਕਾ ਮੁਹਾਲੀ ਦੇ ਪਿੰਡਾਂ ਦੇ ਕਾਂਗਰਸੀ ਵਰਕਰਾਂ ਨਾਲ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣ... ਅਗਲੀ ਖ਼ਬਰ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੇ ਗ੍ਰਹਿ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।