22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੇ ਗ੍ਰਹਿ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ

ਅਜੀਤ ਡੈਸਕ 25-11-2025
ਐੱਸ. ਏ. ਐੱਸ. ਨਗਰ, 24 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਸਥਾਨਕ ਫੇਜ਼-3ਬੀ2 ਸਥਿਤ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੇ ਗ੍ਰਹਿ ਵਿਖੇ ਪਹੁੰਚੇ | ਇਸ ਮੌਕੇ ਡਿਪਟੀ ਮੇਅਰ ਬੇਦੀ ਨੇ ਰਾਜਾ ਵੜਿੰਗ ਦਾ ਭਰਵਾਂ ਸਵਾਗਤ ਕਰਦਿਆਂ ਹਲਕਾ ਮੁਹਾਲੀ ਨਾਲ ਜੁੜੇ ਮੁੱਦਿਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਵੀ ਹਾਜ਼ਰ ਸਨ | ਇਸ ਮੌਕੇ ਡਿਪਟੀ ਮੇਅਰ ਬੇਦੀ ਵਲੋਂ ਰਾਜਾ ਵੜਿੰਗ ਦਾ ਉਚੇਚੇ ਤੌਰ 'ਤੇ ਸਨਮਾਨ ਵੀ ਕੀਤਾ ਗਿਆ | ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਸਿੱਧਾ ਡਿਪਟੀ ਮੇਅਰ ਬੇਦੀ ਨੂੰ ਮਿਲਣ ਲਈ ਆਏ ਹਨ ਤਾਂ ਜੋ ਮੁਹਾਲੀ ਦੇ ਲੋਕ-ਮੁੱਦਿਆਂ ਬਾਰੇ ਜ਼ਮੀਨੀ ਫੀਡਬੈਕ ਪ੍ਰਾਪਤ ਕੀਤੀ ਜਾ ਸਕੇ | ਉਨ੍ਹਾਂ ਚੰਡੀਗੜ੍ਹ ਦੇ ਅਧਿਕਾਰਾਂ ਨੂੰ ਲੈ ਕੇ ਕੇਂਦਰ 'ਤੇ ਸਿੱਧੇ ਸਵਾਲ ਖੜ੍ਹੇ ਕੀਤੇ | ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਜਧਾਨੀ ਪਹਿਲਾਂ ਤੋਂ ਹੀ ਚੰਡੀਗੜ੍ਹ ਹੈ ਪਰ ਹੁਣ ਕੇਂਦਰ ਸਰਕਾਰ ਆਰਟੀਕਲ 25 ਦੇ ਸਹਾਰੇ ਨਵਾਂ ਸੰਸ਼ੋਧਨ ਲਿਆ ਕੇ 240 ਦਾ ਹਵਾਲਾ ਦੇ ਰਹੀ ਹੈ, ਜੋ ਕਿ ਪੰਜਾਬ ਦੇ ਹੱਕਾਂ ਨੂੰ ਮਾਰਨ ਵਾਲੀ ਕਾਰਵਾਈ ਹੈ | ਉਨ੍ਹਾਂ ਕਿਹਾ ਕਿ ਚੰਡੀਗੜ੍ਹ ਸ਼ਹਿਰ ਪੰਜਾਬ ਦੇ ਪਿੰਡਾਂ ਦੀਆਂ ਜ਼ਮੀਨ 'ਤੇ ਵਸਾਇਆ ਗਿਆ ਹੈ ਲਿਹਾਜ਼ਾ ਪੰਜਾਬ ਦੇ ਅਧਿਕਾਰਾਂ ਦਾ ਕਤਲੇਆਮ ਨਹੀਂ ਹੋਣ ਦਿੱਤਾ ਜਾਵੇਗਾ | ਇਸੇ ਦੌਰਾਨ ਗੈਂਗਸਟਰਵਾਦ ਬਾਰੇ ਚਰਚਾ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਮੁਹਾਲੀ ਸ਼ਹਿਰ ਗੈਂਗਸਟਰਾਂ ਦੀ ਹੱਬ ਬਣ ਗਿਆ ਹੈ ਅਤੇ ਹਰ ਚੌਥੇ ਘਰ ਨੂੰ ਫਿਰੌਤੀ ਲਈ ਕਾਲ ਆਉਂਦੀ ਹੈ | ਉਨ੍ਹਾਂ ਕਿਹਾ ਕਿ 100 'ਚੋਂ 1 ਵਿਅਕਤੀ ਪੁਲਿਸ ਨੂੰ ਦੱਸਦਾ ਹੈ, ਜਦਕਿ ਬਾਕੀ ਫਿਰੌਤੀ ਦੇ ਕੇ ਚੁੱਪ ਕਰ ਜਾਂਦੇ ਹਨ | ਲੋਕਾਂ ਦਾ ਕਹਿਣਾ ਹੈ ਕਿ ਗੈਂਗਸਟਰਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ | ਉਨ੍ਹਾਂ ਸਪੱਸ਼ਟ ਕਿਹਾ ਕਿ ਸਰਕਾਰ ਦੀ ਨਾਲਾਇਕੀ ਕਾਰਨ ਸੂਬੇ 'ਚ ਲਾਅ ਐਂਡ ਆਰਡਰ ਦੀ ਹਾਲਤ ਬਦ ਤੋਂ ਬੱਦਤਰ ਹੋ ਚੁੱਕੀ ਹੈ | ਰਾਜਾ ਵੜਿੰਗ ਨੇ ਪੰਜਾਬ ਯੂਨੀਵਰਸਿਟੀ ਚੋਣਾਂ, ਬੀ. ਬੀ. ਐਮ. ਬੀ., ਐਸ. ਵਾਈ. ਐਲ. ਅਤੇ ਫੈਡਰਲ ਮੁੱਦਿਆਂ 'ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਇਹ ਕੇਂਦਰ ਸਰਕਾਰ ਪੰਜਾਬ ਦੀ ਪਛਾਣ ਨੂੰ ਘਟਾਉਣ ਲਈ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੀ ਹੈ | ਇਸੇ ਦੌਰਾਨ ਮੁਹਾਲੀ ਵਿਖੇ ਡਿਪਟੀ ਮੇਅਰ ਬੇਦੀ ਨਾਲ ਪੰਜਾਬ ਕਾਂਗਰਸ ਦੀ ਰੈਲੀ ਦੌਰਾਨ ਜੁੜੇ ਪਿਛਲੇ ਵਿਵਾਦ ਬਾਰੇ ਉਨ੍ਹਾਂ ਕਿਹਾ ਕਿ ਬੇਦੀ ਸਾਹਿਬ ਸਾਡੇ ਸੀਨੀਅਰ ਆਗੂ ਹਨ, ਜਿਨ੍ਹਾਂ ਨੇ ਚਾਰ ਵਾਰ ਕੌਂਸਲਰ ਚੋਣ ਜਿੱਤ ਕੇ ਕਾਂਗਰਸ ਨੂੰ ਮਜ਼ਬੂਤੀ ਦਿੱਤੀ ਹੈ | ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਦੀ ਬਦੌਲਤ ਹੀ ਕਾਂਗਰਸ ਪਾਰਟੀ ਜ਼ਮੀਨੀ ਪੱਧਰ 'ਤੇ ਪੂਰੀ ਤਰ੍ਹਾਂ ਮਜ਼ਬੂਤ ਹੈ | ਇਸੇ ਦੌਰਾਨ 2027 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ 2027 'ਚ ਕਾਂਗਰਸ ਪੂਰੀ ਮਜ਼ਬੂਤੀ ਨਾਲ ਚੋਣ ਲੜੇਗੀ | | ਉਨ੍ਹਾਂ ਕਿਹਾ ਕਿ ਮੁੱਖ ਟੱਕਰ ਕਾਂਗਰਸ ਅਤੇ 'ਆਪ' ਵਿਚਕਾਰ ਰਹੇਗੀ | ਕਾਂਗਰਸ ਪਾਰਟੀ ਦੇ ਸੱਤਾ 'ਚ ਆਉਣ 'ਤੇ ਮੁੱਖ ਮੰਤਰੀ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ 'ਚ ਰਾਜਾ ਵੜਿੰਗ ਨੇ ਕਿਹਾ ਕਿ ਇਸ ਬਾਰੇ ਫ਼ੈਸਲਾ ਪਾਰਟੀ ਹਾਈਕਮਾਂਡ ਲਵੇਗੀ | ਇਸ ਮੌਕੇ ਗਗਨਦੀਪ ਸਿੰਘ ਬੌਬੀ, ਜਤਿੰਦਰ ਸਿੰਘ ਜੌਲੀ, ਗੁਰਮੀਤ ਸਿੰਘ ਸਿਆਣ, ਐਡਵੋਕੇਟ ਸੁਸ਼ੀਲ ਅੱਤਰੀ, ਅਜਾਇਬ ਸਿੰਘ ਬਾਕਰਪੁਰ, ਸ਼ੀਤਲ ਸਿੰਘ ਫੇਜ਼-3ਬੀ2, ਨਿਖਲਦੀਪ ਮਹਾਜਨ, ਵਿਜੇਂਦਰ ਸਿੰਘ ਚਾਵਲਾ ਤੇ ਜਸਵਿੰਦਰ ਸਿੰਘ ਸੇਠੀ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |
ਪਿਛਲੀ ਖ਼ਬਰ -ਮਾਮਲਾ ਮੁਹਾਲੀ ਦੇ ਫੇਜ਼-7 ਨੇੜੇ ਹਿੱਟ ਐਂਡ ਰਨ ਦਾ- ਜ਼ਖ਼ਮੀ ਨੌਜਵਾਨ ਨੇ ਪੁਲਿਸ 'ਤੇ ਕਾਰਵਾਈ ਨਾ ਕਰਨ ਦਾ ਲਗਾਇਆ ਦੋ... ਅਗਲੀ ਖ਼ਬਰ ਨਗਰ ਨਿਗਮ ਵਲੋਂ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਮੁਹਿੰਮ ਤੇਜ਼ ਕਰਦਿਆਂ ਫੇਜ਼-3ਬੀ2, ਫੇਜ਼ 7, ਸੈਕਟਰ 78 ਅਤੇ ਸੋਹਾਣਾ ਦੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।