ਚੰਡੀਗੜ੍ਹ, 24 ਨਵੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਰੇਣੂ ਵਿਗ ਦੀ ਪ੍ਰਧਾਨਗੀ ਹੇਠ ਯੂਨੀਵਰਸਿਟੀ ਟੀਚਿੰਗ ਵਿਭਾਗਾਂ ਦੇ ਸਾਰੇ ਚੇਅਰਪਰਸਨਾਂ ਦੀ ਇਕ ਸਾਝੀ ਮੀਟਿੰਗ ਹੋਈ ਜਿਸ ਵਿਚ ਆਉਣ ਵਾਲੇ ਸੈਸ਼ਨ ਦੀਆਂ ਅਕਾਦਮਿਕ ਯੋਜਨਾਬੰਦੀ ਦੀ ਸਮੀਖਿਆ ਕੀਤੀ ਗਈ | ਸਬੰਧਤ ਚੇਅਰਪਰਸਨਾਂ ਵਲੋਂ ਉਠਾਏ ਗਏ ਸਵਾਲਾਂ ਨੂੰ ਸੰਬੋਧਨ ਕਰਦਿਆਂ ਪ੍ਰੋ. ਵਿਗ ਨੇ ਕਿਹਾ ਕਿ 26 ਨਵੰਬਰ ਇਕ ਕੰਮਕਾਜੀ ਦਿਨ ਰਹੇਗਾ | ਸਾਰੇ ਅਧਿਆਪਕਾਂ ਅਤੇ ਵਿਭਾਗ ਮੁਖੀਆਂ ਨੂੰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਆਪਣੇ-ਆਪਣੇ ਵਿਭਾਗਾਂ ਵਿਚ ਮੌਜੂਦ ਰਹਿਣ ਬਾਰੇ ਕਿਹਾ ਗਿਆ | ਉਨ੍ਹਾਂ ਨੇ ਫੈਕਲਟੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦੇਣ ਜੋ ਪ੍ਰੀਖਿਆਵਾਂ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਸਕਦੇ ਹਨ, ਇਹ ਕਹਿੰਦੇ ਹੋਏ ਕਿ ਪ੍ਰਦਰਸ਼ਨਕਾਰੀਆਂ ਨੂੰ ਅਸਹਿਮਤੀ ਪ੍ਰਗਟ ਕਰਨ ਦਾ ਜਮਹੂਰੀ ਅਧਿਕਾਰ ਹੈ ਪਰ ਜਿਹੜੇ ਵਿਦਿਆਰਥੀ ਪ੍ਰੀਖਿਆਵਾਂ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਅਜਿਹਾ ਕਰਨ ਦਾ ਬਰਾਬਰ ਅਧਿਕਾਰ ਹੋਵੇਗਾ |ਵਿਦਿਆਰਥੀਆਂ ਤੋਂ ਮਿਲੇ ਫੀਡਬੈਕ ਦਾ ਹਵਾਲਾ ਦਿੰਦੇ ਹੋਏ ਉਪ ਕੁਲਪਤੀ ਨੇ ਕਿਹਾ ਕਿ ਭਾਰੀ ਬਹੁਗਿਣਤੀ ਵਿਚ ਵਿਦਿਆਰਥੀ ਪ੍ਰੀਖਿਆਵਾਂ ਦੇਣ ਦਾ ਇਰਾਦਾ ਰੱਖਦੇ ਹਨ | ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਚਿੰਤਤ ਸਨ ਕਿ ਪ੍ਰੀਖਿਆਵਾਂ ਵਿਚ ਵਿਘਨ ਪੈ ਸਕਦਾ ਹੈ | ਪੇਪਰ ਨਾ ਦੇਣ ਦੀ ਕੋਈ ਵੀ ਕੋਸ਼ਿਸ਼ ਪਲੇਸਮੈਂਟ, ਅਕਾਦਮਿਕ ਕੈਲੰਡਰ ਅਤੇ ਯੂਨੀਵਰਸਿਟੀ ਦੀ ਰੈਂਕਿੰਗ 'ਤੇ ਮਾੜਾ ਪ੍ਰਭਾਵ ਪਾ ਸਕਦੀ ਹੈ |ਪ੍ਰੋ. ਵਿਗ ਨੇ ਅਗਲੇ ਸੈਸ਼ਨ ਲਈ ਯੂਨੀਵਰਸਿਟੀ ਦੀ ਅਕਾਦਮਿਕ ਤਿਆਰੀ ਦੀ ਸਮੀਖਿਆ ਕੀਤੀ | ਉਨ੍ਹਾਂ ਨੇ ਵਿਭਾਗਾਂ ਨੂੰ ਮੌਜੂਦਾ ਪ੍ਰੋਗਰਾਮਾਂ ਦੇ ਪ੍ਰਚਾਰ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ, ਖਾਸ ਕਰਕੇ ਕਿਉਂਕਿ ਦਾਖਲਿਆਂ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ 14 ਦਸੰਬਰ ਹੈ ਅਤੇ ਪੀ.ਯੂ-ਸੀ.ਈ.ਟੀ (ਯੂ.ਜੀ) ਪ੍ਰੀਖਿਆ 28 ਦਸੰਬਰ ਨੂੰ ਨਿਰਧਾਰਤ ਹੈ | ਉਨ੍ਹਾਂ ਨੇ ਦਾਖਲੇ ਦੇ ਸ਼ਡਿਊਲ ਨੂੰ ਹੋਰ ਪ੍ਰਚਾਰਿਤ ਕਰਨ ਲਈ ਸਬੰਧਤ ਵਿਭਾਗਾਂ ਦੇ ਚੇਅਰਪਰਸਨਾਂ ਦੇ ਨਾਲ-ਨਾਲ ਡਾਇਰੈਕਟਰ, ਪਬਲਿਕ ਰਿਲੇਸ਼ਨਜ਼ ਦੀ ਇਕ ਕਮੇਟੀ ਦੇ ਗਠਨ ਦਾ ਵੀ ਐਲਾਨ ਕੀਤਾ | ਮੀਟਿੰਗ ਵਿਚ ਯੂਨੀਵਰਸਿਟੀ ਇੰਸਟਰਕਸ਼ਨ ਦੇ ਡੀਨ ਪ੍ਰੋ. ਯੋਜਨਾ ਰਾਵਤ, ਰਜਿਸਟਰਾਰ ਪ੍ਰੋ. ਵਾਈ.ਪੀ. ਵਰਮਾ, ਖੋਜ ਅਤੇ ਵਿਕਾਸ ਸੈੱਲ ਦੇ ਡਾਇਰੈਕਟਰ ਪ੍ਰੋ. ਮੀਨਾਕਸ਼ੀ ਗੋਇਲ, ਪ੍ਰੀਖਿਆਵਾਂ ਦੇ ਕੰਟਰੋਲਰ ਪ੍ਰੋ. ਜਗਤ ਭੂਸ਼ਣ, ਵਿੱਤ ਅਤੇ ਵਿਕਾਸ ਅਧਿਕਾਰੀ ਡਾ. ਵਿਕਰਮ ਨਈਅਰ ਅਤੇ ਯੂਨੀਵਰਸਿਟੀ ਟੀਚਿੰਗ ਵਿਭਾਗਾਂ ਦੇ ਸਾਰੇ ਚੇਅਰਪਰਸਨ ਸ਼ਾਮਲ ਹੋਏ |