23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਢਾਬਿਆਂ ਤੇ ਹੋਟਲਾਂ ਵਲੋਂ ਸੁੱਟੇ ਜਾਂਦੇ ਕੂੜੇ ਤੇ ਗੰਦੇ ਪਾਣੀ ਕਾਰਨ ਐਮ. ਐਸ. ਇਨਕਲੇਵ ਦੇ ਵਸਨੀਕ ਪ੍ਰੇਸ਼ਾਨ <br/>

ਢਾਬਿਆਂ ਤੇ ਹੋਟਲ ਮਾਲਕਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਸਥਾਨਕ ਵਸਨੀਕ ਅਤੇ ਕੂੜੇ ਤੇ ਗੰਦੇ ਪਾਣੀ ਦੀਆਂ ਤਸਵੀਰਾਂ | ਤਸਵੀਰਾਂ : ਮਨਿੰਦਰ ਸਿੰਘ <br/> 25-11-2025
ਜ਼ੀਰਕਪੁਰ, 24 ਸਤੰਬਰ (ਮਨਿੰਦਰ ਸਿੰਘ)-ਢਕੌਲੀ ਇਲਾਕੇ ਵਿਚ ਪੈਂਦੇ ਐਮ. ਐਸ. ਇਨਕਲੇਵ ਦੇ ਮਕਾਨ ਨੰ. 26 ਤੋਂ 33 ਵਿਚ ਰਹਿਣ ਵਾਲੇ ਵਸਨੀਕ ਮਕਾਨਾਂ ਦੇ ਪਿੱਛੇ ਬਣੇ ਸ਼ੋਅਰੂਮਾਂ 'ਚ ਚੱਲ ਰਹੇ ਢਾਬਿਆਂ ਤੇ ਹੋਟਲਾਂ ਵਾਲਿਆਂ ਵਲੋਂ ਸੁੱਟੇ ਜਾਂਦੇ ਕੂੜੇ ਤੇ ਗੰਦੇ ਪਾਣੀ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ | ਜਿਸ ਕਾਰਨ ਇਸ ਇਲਾਕੇ ਵਿਚ ਦਿਨ ਰਾਤ ਬਦਬੂ ਆਉਂਦੀ ਰਹਿੰਦੀ ਹੈ ਅਤੇ ਇਥੇ ਰਹਿਣਾ ਮੁਸ਼ਕਲ ਹੋ ਗਿਆ ਹੈ | ਇਸ ਸੰਬੰਧੀ ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਨਗਰ ਕੌਂਸਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਸਥਾਨਕ ਵਸਨੀਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਢਾਬੇ ਤੇ ਹੋਟਲ ਵਾਲੇ ਖੁੱਲ੍ਹੇ ਵਿਚ ਸੀਵਰੇਜ ਛੱਡ ਰਹੇ ਹਨ, ਜਿਸ ਨਾਲ ਨਾ ਸਿਰਫ਼ ਬਦਬੂ ਆਉਂਦੀ ਹੈ, ਬਲਕਿ ਮੱਛਰਾਂ ਤੇ ਬਿਮਾਰੀਆਂ ਦਾ ਖ਼ਤਰਾ ਵੀ ਵਧਦਾ ਹੈ | ਇਸ ਕਾਰਨ ਨਿਵਾਸੀਆਂ ਤੇ ਸ਼ੋਅਰੂਮ ਮਾਲਕਾਂ ਵਿਚਕਾਰ ਕਈ ਵਾਰ ਲੜਾਈਆਂ ਵੀ ਹੋ ਚੁੱਕੀਆਂ ਹਨ | ਸੋਮਵਾਰ ਨੂੰ ਮੰਜਲੀ ਸ਼ਰਮਾ ਵਾਸੀ ਮਕਾਨ ਨੰ. 29, ਨੇ ਇਸ ਸੰਬੰਧੀ ਢਕੌਲੀ ਪੁਲਿਸ ਥਾਣੇ ਵਿਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ | ਉਸ ਨੇ ਸ਼ਿਕਾਇਤ ਵਿਚ ਇਹ ਵੀ ਦੋਸ਼ ਲਗਾਇਆ ਹੈ ਕਿ ਜਦੋਂ ਉਸ ਨੇ ਗੰਦਗੀ ਤੇ ਸੀਵਰੇਜ ਦੀ ਸਮੱਸਿਆ ਦਾ ਵਿਰੋਧ ਕੀਤਾ ਤਾਂ ਉਸ ਨੂੰ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਗਈਆਂ | ਉਸ ਨੇ ਦੱਸਿਆ ਕਿ ਕਈ ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਨਾ ਤਾਂ ਢਾਬਿਆਂ 'ਤੇ ਪਾਬੰਦੀ ਲਗਾਈ ਗਈ ਹੈ ਅਤੇ ਨਾ ਹੀ ਸੀਵਰੇਜ ਦੀ ਸਮੱਸਿਆ ਦਾ ਹੱਲ ਹੋਇਆ ਹੈ | ਸਥਾਨਕ ਨਿਵਾਸੀ ਕਮਲ ਸ਼ਰਮਾ, ਮੰਜਲੀ ਸ਼ਰਮਾ, ਅਮਿਤ ਸ਼ਾਰਦਾ, ਸੁਮਨ ਸ਼ਾਰਦਾ, ਕਾਂਤਾ ਸ਼ਰਮਾ, ਉਮਾ ਸ਼ਾਰਦਾ, ਹਿਮਾਨੀ ਲਾਟਾ, ਕਰਨ ਲਾਟਾ, ਅਤੁਲ ਲਾਟਾ, ਭੁਪੇਸ਼ ਲਾਟਾ, ਰਿਸ਼ੀ ਫਨਨ, ਸੰਦੀਪ ਵਧਵਾ, ਮਨੀਸ਼ਾ ਯਾਦਵ, ਵਿਸ਼ਾਲ ਯਾਦਵ, ਕਮਲੇਸ਼ ਰਾਠੌਰ ਤੇ ਨੀਲਮ ਰਾਠੌਰ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਇਨ੍ਹਾਂ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਢਾਬਿਆਂ ਦੀ ਜਾਂਚ ਕਰੇ ਅਤੇ ਸੀਵਰੇਜ ਓਵਰਫਲੋਅ ਦੀ ਤੁਰੰਤ ਮੁਰੰਮਤ ਕਰਵਾਏ ਤੇ ਗੰਦਗੀ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਧਮਕੀਆਂ ਦੇਣ ਵਾਲਿਆਂ ਵਿਰੁੱਧ ਕੇਸ ਦਰਜ ਕੀਤਾ ਜਾਵੇ | ਸਥਾਨਕ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ | ਇਸ ਮਾਮਲੇ ਸੰਬੰਧੀ ਨਗਰ ਕੌਂਸਲ ਜ਼ੀਰਕਪੁਰ ਦੇ ਸੈਨੇਟਰੀ ਇੰਸਪੈਕਟਰ ਮਨੋਜ ਕੁਮਾਰ ਨੇ ਕਿਹਾ ਕਿ ਨਗਰ ਕੌਂਸਲ ਜਲਦੀ ਹੀ ਗੰਦਗੀ ਫੈਲਾਉਣ ਵਾਲੇ ਹੋਟਲਾਂ, ਢਾਬਿਆਂ ਤੇ ਰੈਸਟੋਰੈਂਟ ਮਾਲਕਾਂ 'ਤੇ ਸ਼ਿਕੰਜਾ ਕੱਸਣ ਲਈ ਇਕ ਮੁਹਿੰਮ ਸ਼ੁਰੂ ਕਰੇਗੀ | ਉਕਤ ਮਾਮਲੇ ਸੰਬੰਧੀ ਥਾਣਾ ਢਕੌਲੀ ਦੇ ਪੜਤਾਲੀਆ ਅਫ਼ਸਰ ਏ. ਐਸ. ਆਈ. ਨਿਰਮਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਦੋਵਾਂ ਧਿਰਾਂ ਤੋਂ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਦੀ ਉਹ ਡੂੰਘਾਈ ਨਾਲ ਜਾਂਚ ਕਰ ਰਹੇ ਹਨ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਲੋਕ ਹਿੱਤ ਮਿਸ਼ਨ ਵਲੋਂ ਮੁਹਾਲੀ ਜ਼ਿਲ੍ਹੇ ਦੇ ਪਿੰਡਾਂ ਨੂੰ ਤੋੜਨ ਖਿਲਾਫ਼ ਲੱਗੇ ਧਰਨੇ 'ਚ ਕੀਤੀ ਸ਼ਮੂਲੀਅਤ <br/> ਅਗਲੀ ਖ਼ਬਰ -ਗੁਲਾਬਗੜ੍ਹ ਰੋਡ 'ਤੇ ਲੱਗਦੀ ਧਾਰਮਿਕ ਮੰਡੀ ਦਾ ਮੁੱਦਾ ਹੋਇਆ ਗੰਭੀਰ- ਨਗਰ ਕੌਂਸਲ ਦੀ ਕੜੀ ਕਾਰਵਾਈ ਦੇ ਚਲਦਿਆਂ ਮੰਡੀ ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।