ਨੰਗਲ, 15 ਜੂਨ (ਪ੍ਰੀਤਮ ਸਿੰਘ ਬਰਾਰੀ)-ਨੰਗਲ ਦੇ ਅਭਿਨਵ ਮਿਸ਼ਰਾ ਜੋ ਭਾਰਤੀ ਹਵਾਈ ਸੈਨਾ 'ਚ ਆਪਣੀ ਸਿਖਲਾਈ ਮੁਕੰਮਲ ਕਰਨ ਉਪਰੰਤ ਲੜਾਕੂ ਜਹਾਜ਼ ਪਾਇਲਟ ਬਣੇ ਹਨ, ਦਾ ਨੰਗਲ ਪਹੁੰਚਣ 'ਤੇ ਪਰਿਵਾਰਕ ਮੈਂਬਰਾਂ ਤੇ ਸਥਾਨਕ ਲੋਕਾਂ ਵਲੋਂ ਨਿੱਘਾ ਸਵਾਗਤ ਕੀਤਾ | ਘਰ ਪਹੁੰਚਣ 'ਤੇ ਪਰਿਵਾਰ ਨੇ ਵਧਾਈਆਂ ਤੇ ਖ਼ੁਸ਼ੀ ਦਾ ਤਿਲਕ ਲਗਾ ਕੇ ਅਭਿਨਵ ਦਾ ਸਵਾਗਤ ਕੀਤਾ ਅਤੇ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਮਾਡਲ ਦਾ ਕੇਕ ਵੀ ਕੱਟਿਆ | ਨੰਗਲ ਦੇ ਰਹਿਣ ਵਾਲੇ ਅਭਿਨਵ ਮਿਸ਼ਰਾ ਜਿਸ ਨੇ ਸਕੂਲ 'ਚ ਪੜ੍ਹਾਈ ਕਰਨ ਤੋਂ ਬਾਅਦ ਐਨ. ਡੀ. ਏ. ਲਈ ਤਿਆਰੀ ਕੀਤੀ ਅਤੇ ਪੰਜ ਸਾਲ ਦੀ ਸਖ਼ਤ ਮਿਹਨਤ ਤੇ ਸਿਖਲਾਈ ਤੋਂ ਬਾਅਦ ਹਵਾਈ ਸੈਨਾ 'ਚ ਚੁਣਿਆ ਗਿਆ ਹੈ | ਕੱਲ੍ਹ ਏਅਰ ਫੋਰਸ ਅਕੈਡਮੀ ਹੈਦਰਾਬਾਦ ਦੀ ਪਾਸਿੰਗ ਆਊਟ ਪਰੇਡ ਵਿਚ, ਜਿਥੇ ਦੇਸ਼ ਭਰ ਦੇ ਲਗਪਗ 250 ਉਮੀਦਵਾਰਾਂ ਨੂੰ ਵੱਖ-ਵੱਖ ਵਿਭਾਗਾਂ ਤੋਂ ਤਗਮੇ ਦਿੱਤੇ ਗਏ | ਨੰਗਲ ਨਿਵਾਸੀ ਅਭਿਨਵ ਮਿਸ਼ਰਾ ਨੂੰ ਲੜਾਕੂ ਜਹਾਜ਼ ਫਲਾਇੰਗ ਅਫ਼ਸਰ ਬੈਚ ਦਿੱਤਾ ਗਿਆ | ਅਭਿਨਵ ਮਿਸ਼ਰਾ ਦੀ ਇਸ ਪ੍ਰਾਪਤੀ ਕਾਰਨ ਪੂਰੇ ਪਰਿਵਾਰ ਤੇ ਸ਼ਹਿਰ 'ਚ ਖ਼ੁਸ਼ੀ ਦੀ ਲਹਿਰ ਹੈ | ਅਭਿਨਵ ਦੇ ਪਿਤਾ ਕੈਲਾਸ਼ ਪਤੀ ਮਿਸ਼ਰਾ, ਜੋ ਕਿ ਬੀ. ਐਸ. ਐਨ. ਐਲ. ਜੰਮੂ 'ਚ ਸੇਵਾ ਨਿਭਾਉਂਦੇ ਹਨ, ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਦਿਲੀ ਇੱਛਾ ਸੀ ਕਿ ਜੇ ਉਹ ਐਨ. ਡੀ. ਏ. ਜਾਂਦਾ ਹੈ ਤਾਂ ਉਹ ਲੜਾਕੂ ਜਹਾਜ਼ ਬਣ ਕੇ ਹਵਾਈ ਸੈਨਾ 'ਚ ਸ਼ਾਮਿਲ ਹੋਵੇਗਾ | ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੁੱਤਰ ਨੇ ਐਨ. ਡੀ. ੲ.ੇ ਦੀ ਬਜਾਏ ਹਵਾਈ ਸੈਨਾ ਨੂੰ ਚੁਣਿਆ ਤੇ ਉਹ ਪ੍ਰੀਖਿਆ ਪਾਸ ਕੀਤੀ | ਫਿਰ ਸਿਖਲਾਈ ਦੌਰਾਨ ਹਰ ਕੈਡੇਟ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਕਿਸ ਦਿਸ਼ਾ 'ਚ ਜਾਣਾ ਚਾਹੁੰਦਾ ਹੈ | ਅਭਿਨਵ ਮਿਸ਼ਰਾ ਨੇ ਇਸ ਅਹੁਦੇ ਲਈ ਸਖ਼ਤ ਮਿਹਨਤ ਕੀਤੀ ਹੈ | ਅਭਿਨਵ ਦੀ ਮਾਤਾ ਬੀ. ਬੀ. ਐਮ. ਬੀ. ਡੀ. ਏ. ਵੀ. ਪਬਲਿਕ ਸਕੂਲ ਨੰਗਲ ਵਿਚ ਇਕ ਕਾਮਰਸ ਅਧਿਆਪਕਾ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ 'ਚ ਨੌਜਵਾਨਾਂ ਨੂੰ ਆਪਣੇ ਦੇਸ਼ ਪ੍ਰਤੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਐਨ. ਡੀ. ਏ. 'ਚ ਅਜਿਹਾ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਜਿਸ ਨਾਲ ਉਹ ਦੇਸ਼ ਦੀ ਸੇਵਾ ਕਰ ਸਕਣ | ਪਹਿਲਾਂ ਅਭਿਨਵ ਸਾਡੇ ਨਾਂਅ ਨਾਲ ਜਾਣਿਆ ਜਾਂਦਾ ਸੀ, ਪਰ ਹੁਣ ਸਾਨੂੰ ਬਹੁਤ ਮਾਣ ਮਹਿਸੂਸ ਹੋਵੇਗਾ ਜਦੋਂ ਅਸੀਂ ਉਸ ਵਿਅਕਤੀ ਦੇ ਨਾਂਅ ਨਾਲ ਜਾਣੇ ਜਾਵਾਂਗੇ, ਜਿਸ ਨੇ ਆਪਣੇ ਸ਼ਹਿਰ ਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ |