ਸ੍ਰੀ ਅਨੰਦਪੁਰ ਸਾਹਿਬ, 18 ਜੂਨ (ਜੇ ਐਸ ਨਿੱਕੂਵਾਲ)- ਇੱਥੋਂ ਨੇੜਲੇ ਪਿੰਡ ਕੋਟਲਾ ਪਾਵਰ ਹਾਊਸ ਦੀ ਪੂਨਮ ਕੁਮਾਰੀ ਵਲੋਂ ਤਾਮਿਲਨਾਡੂ ਦੇ ਚੇਨਈ ਸ਼ਹਿਰ ਵਿਚ ਹੋਣ ਵਾਲੀਆਂ ਪਹਿਲੀ ਹਾਕੀ ਭਾਰਤ ਮਾਸਟਰ ਕੱਪ 2025 ਔਰਤਾਂ ਵਿਚ ਹਿਮਾਚਲ ਪ੍ਰਦੇਸ਼ ਦੀ ਹਾਕੀ ਟੀਮ ਦੀ ਨੁਮਾਇੰਦਗੀ ਕਰਦੇ ਹੋਏ ਭਾਗ ਲਵੇਗੀ | ਦੱਸਣਯੋਗ ਹੈ ਕਿ ਪੂਨਮ ਕੁਮਾਰੀ ਹਿਮਾਚਲ ਪੁਲਿਸ ਵਿਚ ਬਤੌਰ ਸਿਪਾਹੀ ਬਸੀ ਲਾਗੇ 5 ਆਈ.ਆਰ.ਬੀ. ਬਟਾਲੀਅਨ ਵਿਖੇ ਤੈਨਾਤ ਹੈ | ਅਤੇ ਹਿਮਾਚਲ ਪ੍ਰਦੇਸ਼ ਪੁਲਿਸ ਦੀ ਹਾਕੀ ਟੀਮ ਦੀ ਉਪ ਕਪਤਾਨ ਵੀ ਹੈ | ਉਹ ਪੰਜ ਸੀਨੀਅਰ ਚੈਂਪੀਅਨਸ਼ਿਪ ਤੋਂ ਇਲਾਵਾ ਭਾਰਤੀ ਟੀਮ ਦਾ ਹਿੱਸਾ ਬਣਕੇ ਇੰਗਲੈਂਡ ਅਤੇ ਹਾਂਗਕਾਂਗ ਵਿਖੇ ਵੀ ਆਪਣੀ ਹਾਕੀ ਦੇ ਜੌਹਰ ਦਿਖਾ ਚੁੱਕੀ ਹੈ | ਦੋ ਬੱਚੇ ਪੁੱਤਰ ਲਕਸ਼ ਧੀਮਾਨ ਅਤੇ ਪੁੱਤਰੀ ਸਾਰਿਆ ਦੀ ਮਾਤਾ ਪੂਨਮ ਕੁਮਾਰੀ ਨੂੰ ਹਾਕੀ ਦੀ ਚੇਟਕ ਸ਼ੁਰੂ ਤੋਂ ਸੀ ਤੇ ਸਕੂਲ ਸਮੇਂ ਤੋ ਹੀ ਉਹ ਹਾਕੀ ਖੇਡ ਰਹੀ ਹੈ | ਉਸਦਾ ਪੇਕਾ ਘਰ ਹਿਮਾਚਲ ਪ੍ਰਦੇਸ਼ ਦਾ ਮੰਡੀ ਹੈ | ਉਹ 2009 ਵਿਚ ਹਿਮਾਚਲ ਪ੍ਰਦੇਸ਼ ਪੁਲਿਸ ਵਿਚ ਬਤੌਰ ਸਿਪਾਹੀ ਭਰਤੀ ਹੋਈ ਸੀ | ਉਨ੍ਹਾਂ ਦੇ ਪਤੀ ਤੇ ਕਾਰੋਬਾਰੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਪੂਨਮ ਕੁਮਾਰੀ ਵਲੋਂ ਹਾਕੀ ਖੇਡ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੋਇਆ ਹੈ | ਜਿਸ ਲਈ ਉਹ ਰੋਜ਼ਾਨਾ ਸਖ਼ਤ ਮਿਹਨਤ ਕਰ ਰਹੀ ਹੈ |