ਸ੍ਰੀ ਅਨੰਦਪੁਰ ਸਾਹਿਬ, 21 ਜੂਨ (ਜੇ. ਐਸ. ਨਿੱਕੂਵਾਲ)-ਇਥੋਂ ਦੇ ਮੁਹੱਲਾ ਨਵੀਂ ਆਬਾਦੀ ਨਾਲ ਸੰਬੰਧਿਤ ਫ਼ੌਜੀ ਗੁਰਚਰਨ ਸਿੰਘ ਗਿੱਲ ਤੇ ਇੰਦਰਜੀਤ ਕੌਰ ਦੀ ਦੋਹਤੀ ਅਮਰਪ੍ਰੀਤ ਕੌਰ (19) ਕੈਨੇਡੀਅਨ ਜਲ ਸੈਨਾ 'ਚ ਬਤੌਰ ਖੁਫ਼ੀਆਂ ਅਫ਼ਸਰ ਭਰਤੀ ਹੋਈ ਹੈ | ਦੱਸਣਯੋਗ ਹੈ ਕਿ ਉਹ ਪਿੰਡ ਮੜਕੋਨਾਂ ਕਲਾ ਨਾਲ ਸੰਬੰਧਿਤ ਅਮਰਜੀਤ ਸਿੰਘ ਅਤੇ ਜਸਪ੍ਰੀਤ ਕੌਰ ਦੀ ਸਪੁੱਤਰੀ ਹੈ | ਜੋ ਕਿ 2009 ਤੋਂ ਕੈਨੇਡਾ ਵਿਖੇ ਰਹਿ ਰਹੇ ਹਨ | ਮਾਤਾ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਹ ਕੈਨੇਡਾ ਦੀ ਵਿਨੀ ਪੈੱਗ 'ਚ ਰਹਿੰਦੇ ਹਨ ਅਤੇ ਅਮਰਪ੍ਰੀਤ ਕੌਰ ਉਨ੍ਹਾਂ ਦੀਆਂ ਤਿੰਨ ਪੁੱਤਰੀਆਂ 'ਚੋਂ ਸਾਰਿਆਂ ਤੋਂ ਵੱਡੀ ਹੈ | ਉਹ ਹੁਣ ਕਿੰਗਜ਼ ਸਕੂਲ ਤੋਂ 12ਵੀਂ ਕਰਨ ਤੋਂ ਬਾਅਦ ਅਪਰਾਧਿਕ ਨਿਆਂ ਦੀ ਡਿਗਰੀ ਹਾਸਿਲ ਕਰ ਰਹੀ ਹੈ ਅਤੇ ਇਸ ਦੇ ਮਾਤਾ ਪਿਤਾ ਟਰਾਂਸਪੋਰਟ ਦੇ ਨਾਲ ਜ਼ਮੀਨ ਜਾਇਦਾਦ ਦਾ ਕੰਮ ਵੀ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਅਮਰਪ੍ਰੀਤ ਕੌਰ ਨੇ ਡੇਢ ਸਾਲ ਤੋਂ ਕਈ ਪ੍ਰੀਖਿਆਵਾਂ ਪਾਸ ਕੀਤੀਆਂ | ਇਸ ਤੋਂ ਬਿਨਾਂ ਨੇਵੀ ਦੀ ਸਖ਼ਤ ਸਿਖਲਾਈ ਵੀ ਹਾਸਿਲ ਕੀਤੀ | ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਬਹੁਤ ਮਾਣ ਹੈ ਕਿ ਉਨ੍ਹਾਂ ਦੀ ਪੁੱਤਰੀ ਇਸ ਮੁਕਾਮ 'ਤੇ ਪਹੁੰਚੀ ਹੈ | ਆਪਣੇ ਸੰਘਰਸ਼ ਬਾਰੇ ਉਨ੍ਹਾਂ ਕਿਹਾ ਕਿ ਉਹ ਦੋਨੋਂ ਪੰਜਾਬ ਵਿਚ ਬਤੌਰ ਅਧਿਆਪਕ ਲੰਬਾ ਸਮਾਂ ਕੰਮ ਕੀਤਾ ਹੈ, ਜਿਸ ਤੋਂ ਬਾਅਦ ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ ਉਹ ਕੈਨੇਡਾ ਪੁੱਜੇ ਸੀ ਤੇ ਉਨ੍ਹਾਂ ਦੀ ਪੁੱਤਰੀ ਵੀ ਚਾਰ ਸਾਲ ਬਾਅਦ ਕੈਨੇਡਾ ਪਹੁੰਚੀ | ਮਾਤਾ ਜਸਪ੍ਰੀਤ ਕੌਰ ਨੇ ਕਿਹਾ ਕਿ ਬਹੁਤ ਹੀ ਮਾਣ ਦੀ ਗੱਲ ਹੈ ਕਿ ਉਨ੍ਹਾਂ ਦੀ ਪੁੱਤਰੀ ਨੇ ਇਹ ਵੱਡਾ ਮੁਕਾਮ ਹਾਸਿਲ ਕੀਤਾ ਹੈ |