22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਭਾਖੜਾ ਡੈਮ ਤੋਂ ਸਤਲੁਜ ਦਰਿਆ 'ਚ ਵਾਧੂ ਪਾਣੀ ਛੱਡੇ ਜਾਣ ਕਾਰਨ ਨੂਰਪੁਰ ਬੇਦੀ ਇਲਾਕੇ 'ਚ ਹੜ੍ਹ ਵਰਗੇ ਹਾਲਾਤ <br/>

ਅਜੀਤ ਡੈਸਕ 04-09-2025
ਨੂਰਪੁਰ ਬੇਦੀ, 3 ਸਤੰਬਰ (ਹਰਦੀਪ ਸਿੰਘ ਢੀਂਡਸਾ)-ਭਾਖੜਾ ਡੈਮ ਤੋਂ ਅੱਜ ਸਤਲੁਜ ਦਰਿਆ ਵਿਚ 75 ਹਜ਼ਾਰ ਕਿਊਸਿਕ ਤੋਂ ਅਧਿਕ ਪਾਣੀ ਛੱਡੇ ਜਾਣ ਕਾਰਨ ਨੂਰਪੁਰ ਬੇਦੀ ਇਲਾਕੇ ਵਿਚੋਂ ਲੰਘਦੀ ਸਤਲੁਜ ਨਦੀ ਵਿਚ ਹੜ੍ਹ ਵਰਗੇ ਹਾਲਾਤ ਦੇਖਣ ਨੂੰ ਮਿਲੇ | ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਤਹਿਸੀਲ ਵਿਚ ਸਤਲੁਜ ਕਿਨਾਰੇ ਸਥਿਤ ਪਿੰਡਾਂ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਰਿਹਾ | ਬੇਸ਼ਕ ਇਸ ਪਾਣੀ ਕਾਰਨ ਕਿਸੀ ਵੀ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਨਹੀ ਹੈ ਪਰ ਲੋਕਾਂ ਦੀਆਂ ਸਾਉਣੀ ਦੀਆਂ ਫ਼ਸਲਾਂ ਅਤੇ ਉਪਜਾਊ ਜ਼ਮੀਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ | ਸਤਲੁਜ ਕਿਨਾਰੇ ਵਸੇ ਪਿੰਡ ਬੁਰਜ, ਅਮਰਪੁਰ ਬੇਲਾ, ਬੇਲਾ ਧਿਆਨੀ, ਹਰਸ਼ਾ ਬੇਲਾ, ਚੰਦਪੁਰ, ਸ਼ਾਹਪੁਰ ਬੇਲਾ, ਚਨੌਲੀ, ਬਸੀ, ਸਰਾਂ, ਛੱਜਾ,ਚੌਂਤਾ,ਅਬਿਆਣਾ, ਬਟਾਰਲਾ ਅਤੇ ਗੜ੍ਹਬਾਗਾ ਆਦਿ ਪਿੰਡਾਂ ਵਿਚ ਅੱਜ ਸਵੇਰ ਤੋਂ ਹੀ ਲੋਕ ਸਤਲੁੱਜ ਦੇ ਪਾਣੀ ਕਾਰਨ ਖੌਫਜ਼ਦਾ ਰਹੇ | ਇਹਨਾਂ ਪਿੰਡਾਂ ਵਿਚ ਸਤਲੁੱਜ ਨਾਲ ਲੱਗਦੇ ਖੇਤਾਂ ਵਿਚ ਦਰਿਆ ਦਾ ਪਾਣੀ ਵੜ੍ਹ ਗਿਆ ਜਿਸ ਨਾਲ ਪਾਪੂਲਰ, ਝੋਨੇ ਅਤੇ ਸਬਜ਼ੀਆਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ | ਖੇਤਾਂ ਵਿਚ ਪਾਣੀ ਵੜ੍ਹਨ ਕਾਰਨ ਬਿਜਲੀ ਦੇ ਖੰਭੇ ਵੀ ਡਿੱਗ ਗਏ ਅਤੇ ਕਈ ਘਰਾਂ ਵਿਚ ਬਿਜਲੀ ਸਪਲਾਈ ਵੀ ਠੱਪ ਰਹੀ | ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਹੜ੍ਹਾਂ ਦੀ ਸਾਰ ਲੈਣ ਲਈ ਪਿੰਡਾਂ ਦਾ ਦੌਰਾਨ ਕਰ ਰਹੇ ਹਨ | ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ ਤੇ ਸਾਥੀਆਂ ਵਲੋਂ ਸੰਘਾ ਫੀਡ ਸਟੋਰ ਜੱਟਪੁਰ ਵਿਖੇ ਰਾਹਤ ਕੈਂਪ ਖੋਲ੍ਹ ਦਿੱਤਾ ਹੈ ਅਤੇ ਪੀੜਤ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੀ ਵੀ ਜਰੂਰਤ ਲਈ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ |ਪ੍ਰਸ਼ਾਸ਼ਨ ਵਲੋਂ ਵੀ ਮੌਜੂਦਾ ਸਥਿਤੀ ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ |
ਡੱਬੀ ਲਈ: ਚੌਂਤਾ ਪਿੰਡ ਦੇ 5 ਪਰਿਵਾਰ ਪਸ਼ੂਆਂ ਸਮੇਤ ਸਤਲੁੱਜ ਵਿਚ ਘਿਰੇ: ਸਤਲੁੱਜ ਕਿਨਾਰੇ ਵਸੇ ਪਿੰਡ ਚੌਂਤਾ ਅਤੇ ਛੱਜਾ ਦੇ ਸਤਲੁੱਜ ਪਾਰਲੇ ਖੇਤਾਂ ਵਿਚ ਦਰਿਆ ਦੇ ਪਾਣੀ ਨੇ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਹੈ | ਮੋਹਣੀ, ਭਜਨ ਸਿੰਘ ਅਤੇ ਸ਼ਿੰਗਾਰਾ ਸਿੰਘ ਸਮੇਤ ਹੋਰਨਾਂ ਲੋਕਾਂ ਦੇ ਪਸ਼ੂ ਪਾਣੀ ਵਿਚ ਘਿਰ ਗਏ ਅਤੇ ਇਹਨਾਂ ਦੇ ਸਤਲੁੱਜ ਪਾਰਲੇ ਘਰਾਂ ਵਿਚ ਪਾਣੀ ਵੜ੍ਹ ਗਿਆ ਜਿਸ ਨਾਲ ਉਹਨਾਂ ਦਾ ਕੀਮਤੀ ਸਮਾਨ ਵੀ ਪਾਣੀ ਦੀ ਭੇਂਟ ਚੜ੍ਹ ਗਿਆ |ਇਹਨਾਂ ਲੋਕਾਂ ਨੂੰ ਸਮਾਜ ਸੇਵੀ ਬਰਜਿੰਦਰ ਸਿੰਘ, ਤਰਸੇਮ ਸਿੰਘ ਗੱਦੀਵਾਲ ਸਾ.ਕਾਨੂੰਗੋ ਤੇ ਸਾਥੀਆਂ ਨੇ ਚਾਰੇ ਦੇ ਅਚਾਰ ਤੇ ਹੋਰ ਮੱਦਦ ਕੀਤੀ ਗਈ | ਸਮਾਜ ਸੇਵੀਆਂ ਵਲੋਂ ਆਪਣੀ ਜਾਨ ਜੋਖਮ ਵਿਚ ਪਾ ਕੇ ਕਿਸ਼ਤੀ ਵਿਚ ਸਤਲੁੱਜ ਪਾਰ ਕਰਕੇ ਖੇਤਾਂ ਵਿਚ ਜਾ ਕੇ ਚਾਰਾ ਤੇ ਹੋਰ ਸਮੱਗਰੀ ਸਪਲਾਈ ਕੀਤੀ |ਪੀੜਤ ਲੋਕਾਂ ਨੇ ਪ੍ਰਸ਼ਾਸ਼ਨ ਤੋਂ ਸਰੁੱਖਿਆ ਜੈਕਟਾਂ ਦੀ ਮੰਗ ਕੀਤੀ ਹੈ |
ਡੱਬੀ ਲਈ: ਮਨੁੱਖਤਾ ਦੀ ਮਿਸਾਲ ਕਾਇਮ ਕੀਤੀ ਇਲਾਕਾ ਨਿਵਾਸੀਆਂ : ਇਸੀ ਦੌਰਾਨ ਇਲਾਕੇ ਦੇ ਨੌਜਵਾਨਾਂ ਨੇ ਹੜ੍ਹ ਪੀੜਤਾਂ ਤੇ ਹੜ੍ਹ ਪ੍ਰਭਾਵਿਤ ਥਾਵਾਂ ਲਈ ਵਰਖਾ ਤੇ ਜਾਨ ਦੀ ਪ੍ਰਵਾਹ ਨਾ ਕਰਦਿਆਂ ਮਨੱਖਤਾ ਦੀ ਭਲਾਈ ਦੀ ਵੱਡੀ ਮਿਸਾਲ ਕਾਇਮ ਕੀਤੀ ਹੈ | ਪੂਰੀ ਤਹਿਸੀਲ ਅਤੇ ਬਾਹਰਲੇ ਜ਼ਿਲਿ੍ਹਆਂ ਲਈ ਖਾਣ ਪੀਣ, ਤਰਪਾਲਾ, ਪਸ਼ੂਆਂ ਦਾ ਚਾਰਾ,ਦਵਾਈਆਂ, ਰਿਫਰੈਸ਼ਮੈਟ,ਪੀਣ ਵਾਲੇ ਪਾਣੀਆਂ ਦੀ ਬੋਤਲਾਂ ਅਤੇ ਨੁਕਸਾਨੇ ਦਰਿਆ ਦੇ ਡੰਗਿਆਂ ਲਈ ਮਿੱਟੀ ਦੀਆਂ ਬੋਰੀਆਂ ਦੇ ਥੈਲੇ ਸਮੇਤ ਹੋਰ ਮੱਦਦ ਕੀਤੀ ਗਈ |ਪੰਜਾਬ ਮੋਰਚਾ ਦੇ ਆਗੂ ਗੌਰਵ ਰਾਣਾ, ਸਮਾਜ ਸੇਵੀ ਨਰੇਸ਼ ਕਾਂਗੜ, ਕਿਸਾਨ ਆਗੂ ਬੀਰ ਸਿੰਘ ਬੜਵਾ, ਰਣਬੀਰ ਸਿੰਘ ਰੰਧਾਵਾ,ਸੋਨੂੰ ਡੂੰਮੇਵਾਲ, ਰਿਸ਼ੀ ਚੰਦਨ ਸਮੇਤ ਹੋਰਨਾਂ ਨੇ ਇਲਾਕੇ ਦੇ ਹਰ ਹੜ ਪ੍ਰਭਾਵਿਤ ਖੇਤਰ ਤੇ ਨਜ਼ਰ ਰੱਖ ਕੇ ਤਰੁੰਤ ਲੋੜੀਂਦੀ ਸਮੱਗਰੀ ਉਪਲੱਬਧ ਕਰਵਾਈ | ਕਿਲਾ ਅਨੰਦਗੜ੍ਹ ਸਾਹਿਬ ਦੇ ਕਾਰ ਸੇਵਾ ਵਾਲੇ ਬਾਬਾ ਸਤਨਾਮ ਸਿੰਘ ਜੀ ਅਤੇ ਹੋਰਨਾਂ ਸੰਗਤਾਂ ਨਾਲ ਮਿਲ ਕੇ ਇਸ ਟੀਮ ਨੇ ਵੱਡੇ ਰਾਹਤ ਕਾਰਜਾਂ ਵਿਚ ਯੋਗਦਾਨ ਪਾਇਆ |
ਡੱਬੀ ਲਈ: ਨੂਰਪੁਰ ਬੇਦੀ-ਅਨੰਦਪੁਰ ਸਾਹਿਬ ਮਾਰਗ ਵਾਇਆ ਬੁਰਜ ਬੰਦ: ਦਰਿਆ ਵਿਚ ਵਾਧੂ ਪਾਣੀ ਆਉਣ ਕਾਰਨ ਨੂਰਪੁਰ ਬੇਦੀ ਤੋਂ ਸ਼ਾਰਟ ਕੱਟ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦਾ ਬੁਰਜ ਵਾਲਾ ਰਸਤਾ ਬੰਦ ਹੋ ਗਿਆ ਹੈ | ਅਮਰਪੁਰ ਬੇਲਾ ਦੀ ਪੁੱਲੀ ਵਾਲਾ ਰਸਤਾ ਦਰਿਆ ਦਾ ਹਿੱਸਾ ਬਣਨ ਕਰਕੇ ਇਹ ਮਾਰਗ ਮੁਕੰਮਲ ਬੰਦ ਹੈ ਜਿਸ ਕਰਕੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਆਵਾਜਾਈ ਲਈ ਪ੍ਰਭਾਵਿਤ ਹੋਣਾ ਪਿਆ |

ਪਿਛਲੀ ਖ਼ਬਰ ਨਗਰ ਕੌਂਸਲ ਨੰਗਲ ਦੀ ਐਮਰਜੈਂਸੀ ਮੀਟਿੰਗ ਪ੍ਰਧਾਨ ਸੰਜੇ ਸਾਹਨੀ ਦੀ ਪ੍ਰਧਾਨਗੀ ਹੇਠ ਹੋਈ <br/> ਅਗਲੀ ਖ਼ਬਰ ਪਿੰਡ ਦਬਟ ਨਜ਼ਦੀਕ ਨਹਿਰ ਦੀ ਪਟੜੀ 'ਤੇ ਪਿਆ ਪਾੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।