ਮੋਰਿੰਡਾ, 22 ਅਕਤੂਬਰ (ਤਰਲੋਚਨ ਸਿੰਘ ਕੰਗ)-ਇਸ ਵਾਰ ਮੌਸਮ ਦੀ ਖ਼ਰਾਬੀ ਕਾਰਨ ਮੋਰਿੰਡਾ ਅਤੇ ਆਸ-ਪਾਸ ਇਲਾਕਿਆਂ ਦੇ ਕਿਸਾਨ ਬਹੁਤ ਪ੍ਰੇਸ਼ਾਨ ਹਨ, ਕਿਉਂਕਿ ਜੀਰੀ ਦਾ ਝਾੜ ਪਿਛਲੇ ਸਾਲਾਂ ਨਾਲੋਂ ਕਾਫ਼ੀ ਘੱਟ ਨਿਕਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਹਾਦਰ ਸਿੰਘ ਢੰਗਰਾਲੀ, ਰਣਧੀਰ ਸਿੰਘ ਚੱਕਲ, ਬਲਦੀਪ ਸਿੰਘ ਸੰਗਤਪੁਰਾ, ਹਰਬੰਸ ਸਿੰਘ ਦਤਾਰਪੁਰ, ਸੁਖਦੀਪ ਸਿੰਘ ਮੋਰਿੰਡਾ, ਗੁਰਮੇਲ ਸਿੰਘ ਰੰਗੀਆਂ, ਅਰਵਿੰਦਰ ਸਿੰਘ ਰੰਗੀ ਨੇ ਦੱਸਿਆ ਕਿ ਕਿਸੇ-ਕਿਸੇ ਕਿਸਾਨ ਦੇ ਤਾਂ ਜਿੱਥੇ ਜੀਰੀ ਦਾ ਝਾੜ 30 ਕੁਵਿੰਟਲ ਪ੍ਰਤੀ ਏਕੜ ਨਿਕਲਦਾ ਸੀ, ਉੱਥੇ 8-8 ਕੁਵਿੰਟਲ ਹੀ ਰਹਿ ਗਿਆ | ਜਿਨ੍ਹਾਂ ਕਿਸਾਨਾਂ ਨੇ ਜਮੀਨਾਂ ਠੇਕੇ ਤੇ ਲੈ ਰੱਖੀਆਂ ਹਨ, ਉਹਨਾਂ ਕਿਸਾਨਾਂ ਨੂੰ ਠੇਕੇ ਵੀ ਦੇਣੇ ਮੁਸ਼ਕਿਲ ਹੋਏ ਪਏ ਹਨ | ਉਹਨਾਂ ਕਿਹਾ ਕਿ ਜੀਰੀ ਦੀ ਫ਼ਸਲ ਤੇ ਬਾਕੀ ਫ਼ਸਲਾਂ ਨਾਲੋਂ ਜ਼ਿਆਦਾ ਖਰਚਾ ਆਉਂਦਾ ਹੈ | ਇਹ ਫ਼ਸਲ ਅਗਰ 25-26 ਕੁਵਿੰਟਲ ਤੋਂ ਪ੍ਰਤੀ ਏਕੜ ਘੱਟ ਨਿਕਲੇ ਤਾਂ ਕਿਸਾਨ ਨੂੰ ਠੇਕੇ ਦੇ ਪੈਸੇ ਕੱਟ ਕੇ ਪੂਰੇ ਵੀ ਨਹੀਂ ਹੁੰਦੇ | ਬਹਾਦਰ ਸਿੰਘ ਖੈਰਪੁਰ ਨੇ ਦੱਸਿਆ ਕਿ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਪਿੰਡ ਢੰਗਰਾਲੀ ਤੇ ਆਸ-ਪਾਸ ਦੇ ਪਿੰਡਾਂ ਵਿਚ ਦੌਰਾ ਕੀਤਾ ਸੀ | ਜਿਸ ਵਿਚ ਉਹਨਾਂ ਵਲੋਂ ਜੀਰੀ ਤੇ ਪਏ ਮਧਰੇਪਣ ਦੇ ਰੋਗ ਬਾਰੇ ਵੀ ਵੇਖਿਆ ਸੀ ਅਤੇ ਮੌਕੇ ਤੇ ਹੀ ਮਾਲ ਵਿਭਾਗ ਤੇ ਖੇਤੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਇਸ ਦੇ ਨੁਕਸਾਨ ਬਾਰੇ ਦੱਸਿਆ ਜਾਵੇ | ਪ੍ਰੰਤੂ ਅੱਜ ਤੱਕ ਵੀ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਕਿ ਡਿਪਟੀ ਕਮਿਸ਼ਨਰ ਸਾਹਿਬ ਦੇ ਦੌਰੇ ਦਾ ਹੁਣ ਤੱਕ ਕੀ ਬਣਿਆ | ਉਪਰੋਕਤ ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਜਿਆਦਾ ਪੈਣ ਕਾਰਨ ਜੀਰੀ ਦੀ ਫਸਲ ਤੇ ਪੀਲੀ ਪੂੰਗੀ ਦਾ ਅਚਾਨਕ ਹਮਲਾ ਹੋ ਗਿਆ | ਜਿਸ ਤੇ ਜੀਰੀ ਦਾ ਝਾੜ ਬਹੁਤ ਘਟ ਗਿਆ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੀਰੀ ਦਾ ਝਾੜ ਘੱਟ ਨਿਕਲਣ ਕਾਰਨ ਕਿਸਾਨਾਂ ਨੂੰ ਹੋਏ ਮਾਲੀ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ | ਇਸੇ ਸਬੰਧ ਵਿਚ ਮਾਰਕੀਟ ਕਮੇਟੀ ਮੋਰਿੰਡਾ ਦਫ਼ਤਰ ਵਾਲਿਆਂ ਦਾ ਕਹਿਣਾ ਹੈ ਕਿ ਅਨਾਜ ਮੰਡੀ ਮੋਰਿੰਡਾ ਵਿਚ ਜੀਰੀ ਦੀ ਆਮਦ ਪਿਛਲੇ ਸਾਲ ਨਾਲੋਂ 80 ਫ਼ੀਸਦੀ ਤੱਕ ਹੀ ਹੋਣ ਦੀ ਆਸ ਹੈ | ਉਨ੍ਹਾਂ ਮੰਨਿਆ ਹੈ ਕਿ ਇਸ ਸਾਲ ਜੀਰੀ ਦਾ ਝਾੜ ਪਿਛਲੇ ਸਾਲਾਂ ਨਾਲੋਂ ਕਾਫ਼ੀ ਘੱਟ ਆਇਆ ਹੈ |