ਢੇਰ, 4 ਨਵੰਬਰ (ਸ਼ਿਵ ਕੁਮਾਰ ਕਾਲੀਆ)-ਕਸਬਾ ਭੁਨਪਲੀ ਤੋਂ ਫੜਿਆ ਗਿਆ ਨੌਜਵਾਨ ਦਿਸ ਕੋਲੋਂ ਪੰਜਾਬ ਪੁਲਿਸ ਵਲੋਂ ਵੱਡੀ ਮਾਤਰਾ 'ਚ ਚਰਸ ਤੇ ਅਫ਼ੀਮ ਬਰਾਮਦ ਕੀਤੀ ਗਈ ਸੀ | ਇਸ ਨੌਜਵਾਨ ਪ੍ਰਤੀ ਅੱਜ ਵੀ ਚਰਚਾਵਾਂ ਦਾ ਮਾਹੌਲ ਭਾਰੀ ਗਰਮ ਰਿਹਾ | ਲੋਕਾਂ ਨੇ ਦੱਸਿਆ ਕਿ ਇਹ ਨੌਜਵਾਨ ਸਭ ਤੋਂ ਪਹਿਲਾਂ ਚੰਡੀਗੜ੍ਹ ਤੋਂ ਲਿਆਂਦੀ ਸਸਤੀ ਸ਼ਰਾਬ ਇਥੇ ਮਹਿੰਗੇ ਭਾਅ ਵੇਚਦਾ ਸੀ, ਜੋ ਕੰਮ ਇਸ ਬਲੋ ਪ੍ਰਸ਼ਾਸਨ ਤੇ ਸਿਆਸੀ ਆਗੂਆਂ ਦੀ ਮਿਲੀ ਭੁਗਤ ਦੇ ਨਾਲ ਸ਼ਰੇਆਮ ਕੀਤਾ | ਇਸ ਕਾਰੋਬਾਰ ਨੂੰ ਵੇਖ ਖ਼ੌਫ਼ ਅੰਜਾਮ ਦੇਣ ਉਪਰੰਤ ਇਸ ਨੌਜਵਾਨ ਦੇ ਹੌਸਲੇ ਇੰਨੇ ਵੱਧ ਗਏ ਕਿ ਇਸ ਨੌਜਵਾਨ ਨੇ ਆਪਣੇ ਕਾਰੋਬਾਰ ਨੂੰ ਵਧਾਉਣ ਦੇ ਲਈ ਵੱਖ-ਵੱਖ ਸਮਗਲਰਾਂ ਦੇ ਨਾਲ ਤਾਲਮੇਲ ਕਰਨਾ ਆਰੰਭ ਕਰ ਦਿੱਤਾ | ਜਦੋਂ ਇਸ ਨੌਜਵਾਨ ਨੇ ਵੇਖਿਆ ਕਿ ਇਸ ਇਲਾਕੇ 'ਚ ਤਾਂ ਕੋਈ ਵੀ ਸਿਆਸੀ ਆਗੂ ਇਸ ਪ੍ਰਤੀ ਆਵਾਜ਼ ਨੇ ਚੱਕ ਰਿਹਾ ਤਾਂ ਇਸ ਨੇ ਆਪਣੇ ਸਮਗਲਰ ਸਾਥੀਆਂ ਦੇ ਨਾਲ ਇਲਾਕੇ 'ਚ ਵੱਡੀ ਪੱਧਰ 'ਤੇ ਚਰਸ ਤੇ ਅਫੀਮ ਵੇਚਣ ਦਾ ਧੰਦਾ ਆਰੰਭ ਕਰ ਦਿੱਤਾ | ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਨੌਜਵਾਨ ਦਾ ਉੱਚ ਅਧਿਕਾਰੀਆਂ ਤੇ ਸਿਆਸੀ ਆਗੂਆਂ ਦੇ ਨਾਲ ਵੱਡਾ ਜਰਾਨਾ ਸੀ ਜਿਸ ਕਾਰਨ ਕੋਈ ਵੀ ਛੋਟਾ ਪੁਲਿਸ ਮੁਲਾਜ਼ਮ ਇਸ ਸਮਗਲਰ ਨੂੰ ਹੱਥ ਪਾਉਣ 'ਚ ਡਰਦਾ ਸੀ | ਇਸ ਨੌਜਵਾਨ ਨੇ ਕੁੱਝ ਸਮੇਂ 'ਚ ਹੀ ਆਪਣੇ ਨਸ਼ੇ ਦੇ ਕਾਰੋਬਾਰ ਦਾ ਜਾਲ ਇਲਾਕੇ ਵਿਚ ਪੂਰੀ ਤਰ੍ਹਾਂ ਦੇ ਨਾਲ ਵਿਕਸਿਤ ਕਰ ਲਿਆ ਕਿੱਥੇ ਇਹ ਗੱਲ ਬਹੁਤ ਹੀ ਅਫ਼ਸੋਸ ਨਾਲ ਲਿਖਣੀ ਪੈ ਰਹੀ ਹੈ, ਕਿ ਨਸ਼ੇ ਦੇ ਕਾਰੋਬਾਰ ਦੇ ਨਾਲ ਇਲਾਕੇ ਦੇ ਦਰਜਨਾਂ ਹੀ ਨੌਜਵਾਨ ਮੌਤ ਦੇ ਘਾਟ ਜਾ ਚੁੱਕੇ ਹਨ | ਪਰ ਸਿਆਸਤ 'ਚ ਅੰਨੇ੍ਹ ਹੋਏ ਨੇਤਾਵਾਂ ਨੂੰ ਕਦੇ ਵੀ ਉਨ੍ਹਾਂ ਘਰ ਦਾ ਦਰਦ ਮਹਿਸੂਸ ਨਹੀਂ ਹੋਇਆ ਜਿਨ੍ਹਾਂ ਦੇ ਨੌਜਵਾਨ ਪੁੱਤ ਨਸ਼ੇ ਵਿਚ ਹੜ੍ਹ ਕੇ ਮੌਤ ਦੇ ਮੂੰਹ ਵਿਚ ਚਲੇ ਗਏ | ਬੱਸ ਇਨ੍ਹਾਂ ਸਿਆਸੀ ਆਗੂਆਂ ਦਾ ਸਾਰਾ ਜ਼ੋਰ ਇਲਾਕੇ ਦੇ ਲੋਕਾਂ ਨੂੰ ਬੇਵਕੂਫ਼ ਬਣਾ ਕੇ ਨਸ਼ਾ ਮੁਕਤ ਪੰਜਾਬ ਸਿਰਜਣ ਦੇ ਵਿਚ ਲੱਗਿਆ ਰਿਹਾ। ਜਦ ਕਿ ਹਕੀਕਤ ਅੱਜ ਇਲਾਕਾ ਜਾਣਦਾ ਹੈ, ਕਿ ਇਹ ਮੁਹਿੰਮ ਕਿੱਥੋਂ ਤੱਕ ਸਫਲ ਹੋਈ ਹੈ। ਇਲਾਕੇ ਦੇ ਲੋਕਾਂ ਨੇ ਉੱਚ ਅਧਿਕਾਰੀਆਂ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਉਕਤ ਨਸ਼ਾ ਤਸਕਰ ਵਲੋਂ ਬਣਾਈ ਗਈ ਨਸ਼ੇ ਦੇ ਕਾਰੋਬਾਰ ਦੀ ਜਾਇਦਾਦ ਦੀ ਜਾਂਚ ਕਰਕੇ ਇਸ ਜਾਇਦਾਦ ਨੂੰ ਜ਼ਬਤ ਕੀਤਾ ਜਾਵੇ। ਇਸ ਸੰਬੰਧੀ ਹਲਕਾ ਇੰਚਾਰਜ ਭਾਜਪਾ ਡਾ. ਪਰਮਿੰਦਰ ਸ਼ਰਮਾ ਨੇ ਕਿਹਾ ਕਿ ਨਸ਼ੇ ਦੇ ਨਾਲ ਸਾਡਾ ਇਲਾਕਾ ਬਰਬਾਦ ਹੋ ਰਿਹਾ ਹੈ ਪਰ ਪਤਾ ਨਹੀਂ ਕਿਉਂ ਹਲਕੇ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸਿਰਫ਼ ਦਿਖਾਵੇ ਲਈ ਨਸ਼ਾ ਮੁਕਤ ਪੰਜਾਬ ਮੁਹਿੰਮ ਚਲਾ ਰਹੇ ਹਨ। ਜਦੋਂ ਕਿ ਉਨ੍ਹਾਂ ਦੇ ਕਾਰਜ ਕਾਲ ਵਿਚ ਇਤਿਹਾਸ ਲਿਖਿਆ ਜਾਵੇਗਾ ਕਿ ਉਨ੍ਹਾਂ ਦੀ ਛਤਰ ਛਾਇਆ ਹੇਠ ਨਸ਼ੇ ਦਾ ਵੱਡਾ ਜ਼ਖ਼ੀਰਾ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਉਕਤ ਸਮਗਲਰਾਂ ਦੀ ਜਾਇਦਾਦ ਦੀ ਜਾਂਚ ਕੀਤੀ ਜਾ ਰਹੀ। ਜੇਕਰ ਜਾਂਚ ਵਿਚ ਇਹ ਸਾਬਤ ਹੁੰਦਾ ਹੈ ਕਿ ਇਹ ਜਾਇਦਾਦ ਨਾਜਾਇਜ਼ ਤਰੀਕੇ ਨਾਲ ਬਣਾਈ ਗਈ ਹੈ ਤਾਂ ਉਹ ਜਾਇਦਾਦ ਵੀ ਕੇਸ ਦੇ ਨਾਲ ਨੱਥੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮਗਲਰ ਨੂੰ ਪੁਲਿਸ ਵਲੋਂ ਬਖ਼ਸ਼ਿਆ ਨਹੀਂ ਜਾਵੇਗਾ।