ਸ੍ਰੀ ਅਨੰਦਪੁਰ ਸਾਹਿਬ, 4 ਨਵੰਬਰ (ਕਰਨੈਲ ਸਿੰਘ)-ਪੂਜਾ ਸਿਆਲ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਨੰਦਪੁਰ ਸਾਹਿਬ ਨੇ ਕਿਹਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਸਮਾਗਮਾਂ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ | ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਸਮਾਗਮਾਂ ਦੌਰਾਨ ਆਪਣੀ ਡਿਊਟੀ ਸੇਵਾ ਭਾਵਨਾ ਨਾਲ ਕੀਤੀ ਜਾਵੇ | ਬੀਤੇ ਦਿਨ ਇਸ ਸੰਬੰਧ 'ਚ ਉਪ ਮੰਡਲ ਦਫ਼ਤਰ ਦੇ ਮੀਟਿੰਗ ਹਾਲ ਵਿਚ ਰੱਖੀ ਇਕ ਵਿਸ਼ੇਸ਼ ਮੀਟਿੰਗ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੰਗਤਾਂ ਦੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਦੀਆਂ ਸੰਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ | ਉਨ੍ਹਾਂ ਨੇ ਜ਼ਿਲੇ੍ਹ ਦੇ ਲਗਪਗ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਚੱਲ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਤੇ ਕੰਮਾਂ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ | ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ 15 ਨਵੰਬਰ ਤੱਕ ਸਾਰਿਆਂ ਤਿਆਰੀਆਂ ਪੂਰੀਆਂ ਕਰਨ ਦਾ ਟੀਚਾ ਮਿਥਿਆ ਹੈ ਤੇ ਪ੍ਰਸ਼ਾਸਨ ਨੂੰ ਪੂਰੀ ਆਸ ਹੈ ਕਿ ਨਿਸ਼ਚਿਤ ਮਿਤੀ ਤੋ ਪਹਿਲਾ ਸਾਰੇ ਵਿਭਾਗ ਆਪਣੇ ਕੰਮ ਮੁਕੰਮਲ ਕਰ ਲੈਣਗੇ | ਉਨ੍ਹਾਂ ਨੇ ਖ਼ਾਸ ਤੌਰ ਤੇ ਰਿਹਾਇਸ਼ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਮੌਕੇ ਸੁਪਰਡੈਂਟ ਪੁਲਿਸ ਸ੍ਰੀ ਅਰਵਿੰਦ ਮੀਨਾ ਆਈ.ਪੀ.ਐਸ, ਜਸਪ੍ਰੀਤ ਸਿੰਘ ਉਪ ਮੰਡਲ ਮੈਜਿਸਟਰੇਟ, ਸਚਿਨ ਪਾਠਕ ਉਪ ਮੰਡਲ ਮੈਜਿਸਟਰੇਟ, ਜਸ਼ਨਦੀਪ ਸਿੰਘ ਡੀ. ਐਸ. ਪੀ., ਹਰਕੀਰਤ ਸਿੰਘ ਡੀ. ਐਸ. ਪੀ. ਨੰਗਲ, ਨਿਤਿਨ ਜਸਵਾਲ ਐਕਸੀਅਨ ਪੀ. ਐਸ. ਪੀ. ਸੀ. ਐਲ., ਬਲਜਿੰਦਰ ਸਿੰਘ ਗਰੇਵਾਲ ਡੀ. ਡੀ. ਪੀ. ਓ., ਵਿਨੋਦ ਕੁਮਾਰ ਤਹਿਸੀਲਦਾਰ, ਇਸ਼ਾਨ ਚੌਧਰੀ ਬੀ. ਡੀ. ਪੀ. ਓ. ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |