ਰੂਪਨਗਰ, 4 ਨਵੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲ੍ਹੇ ਦੇ ਪਿੰਡ ਦੁਲਚੀ ਮਾਜਰਾ ਵਿਚ ਗ੍ਰਾਮ ਪੰਚਾਇਤ ਦੀ ਸ਼ਾਮਲਾਤ ਜ਼ਮੀਨ 'ਤੇ ਹੋਏ ਨਾਜਾਇਜ਼ ਕਬਜ਼ੇ ਨੂੰ ਛੁਡਾਉਣ ਦੀ ਪ੍ਰਕਿਰਿਆ ਵਿਭਾਗੀ ਨਾਲਾਇਕੀ ਕਾਰਨ ਅਧੂਰੀ ਰਹਿ ਗਈ | ਜਦੋਂ ਪੰਚਾਇਤ, ਪੁਲਿਸ ਤੇ ਪ੍ਰਸ਼ਾਸਕੀ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਤਹਿਸੀਲਦਾਰ ਸ੍ਰੀ ਚਮਕੌਰ ਸਾਹਿਬ ਤੇ ਬੀ. ਡੀ. ਪੀ. ਓ. ਦਫ਼ਤਰ ਮੋਰਿੰਡਾ ਦੇ ਪੰਚਾਇਤ ਅਧਿਕਾਰੀਆਂ ਵਲੋਂ ਅਚਾਨਕ ਕਬਜ਼ਾ ਕਾਰਵਾਈ ਤੋਂ ਇਨਕਾਰ ਕਰ ਦਿੱਤਾ ਗਿਆ | ਇਹ ਦੋਸ਼ ਪਿੰਡ ਦੇ ਸਰਪੰਚ ਜਗਤਾਰ ਸਿੰਘ ਨੇ ਲਗਾਏ ਅਤੇ ਦੱਸਿਆ ਕਿ ਗ੍ਰਾਮ ਪੰਚਾਇਤ ਦੁਲਚੀ ਮਾਜਰਾ ਦੀ ਸ਼ਾਮਲਾਤ ਜ਼ਮੀਨ 'ਤੇ ਕਈ ਸਾਲਾਂ ਤੋਂ ਚੈਰੀਟੇਬਲ ਟਰੱਸਟ ਪਿੰਡ ਦੁਲਚੀ ਮਾਜਰਾ ਵਲੋਂ ਨਾਜਾਇਜ਼ ਕਬਜ਼ਾ ਕੀਤਾ ਗਿਆ ਸੀ | ਇਸ ਸੰਬੰਧੀ ਕੇਸ ਕਲੈਕਟਰ ਪੰਚਾਇਤ ਲੈਂਡ ਰੂਪਨਗਰ ਦੀ ਅਦਾਲਤ ਵਿਚ ਚੱਲ ਰਿਹਾ ਸੀ, ਜਿਸ ਦਾ ਫੈਸਲਾ 9 ਮਈ 2025 ਨੂੰ ਗ੍ਰਾਮ ਪੰਚਾਇਤ ਦੇ ਹੱਕ ਵਿਚ ਹੋ ਗਿਆ | ਅਦਾਲਤ ਨੇ ਟਰੱਸਟ ਨੂੰ ਤੁਰੰਤ ਬੇਦਖਲ ਕਰਨ ਦੇ ਹੁਕਮ ਜਾਰੀ ਕੀਤੇ ਸਨ, ਪਰ ਟਰੱਸਟ ਨੇ ਹੁਕਮਾਂ ਦੇ ਬਾਵਜੂਦ ਜ਼ਮੀਨ ਖਾਲੀ ਨਹੀਂ ਕੀਤੀ | ਇਸ ਕਾਰਨ ਕਲੈਕਟਰ ਵਲੋਂ 4 ਜੁਲਾਈ 2025 ਨੂੰ ਕਬਜ਼ਾ ਵਰੰਟ ਜਾਰੀ ਕਰਦਿਆਂ ਤਹਿਸੀਲਦਾਰ ਸ੍ਰੀ ਚਮਕੌਰ ਸਾਹਿਬ ਨੂੰ ਕਬਜ਼ਾ ਦਿਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ | ਨਿਰਧਾਰਿਤ ਦਿਨ ਬੀ. ਡੀ. ਪੀ. ਓ. ਰੂਪਨਗਰ, ਪੰਚਾਇਤ ਅਫਸਰ, ਪਟਵਾਰੀ, ਬੀ. ਡੀ. ਪੀ. ਓ. ਮੋਰਿੰਡਾ ਦੇ ਅਧਿਕਾਰੀ, ਤਹਿਸੀਲਦਾਰ, ਪੁਲਿਸ ਪਾਰਟੀ, ਗ੍ਰਾਮ ਪੰਚਾਇਤ ਮੈਂਬਰ ਤੇ ਕਈ ਪਿੰਡ ਵਾਸੀ ਮੌਕੇ 'ਤੇ ਮੌਜੂਦ ਸਨ ਅਤੇ ਸਾਰੇ ਪ੍ਰਬੰਧ ਪੂਰੇ ਹੋ ਚੁੱਕੇ ਸਨ, ਜ਼ਮੀਨ ਦੀ ਹੱਦਬੰਦੀ ਹੋ ਚੁੱਕੀ ਸੀ ਤੇ ਕਬਜ਼ਾ ਹਵਾਲੇ ਕਰਨ ਲਈ ਕਾਨੂੰਨੀ ਕਾਗਜ਼ ਤਿਆਰ ਸਨ ਪਰ ਜਦੋਂ ਆਖ਼ਰੀ ਪੜਾਅ 'ਤੇ ਕਾਰਵਾਈ ਸ਼ੁਰੂ ਹੋਣੀ ਸੀ ਤਾਂ ਤਹਿਸੀਲਦਾਰ ਰਮਨ ਗੁਪਤਾ ਤੇ ਪੰਚਾਇਤ ਅਫ਼ਸਰ ਮੋਰਿੰਡਾ ਨੇ ਕਬਜ਼ਾ ਛੁਡਾਉਣ ਤੋਂ ਮਨਾ ਕਰ ਦਿੱਤਾ ਅਤੇ ਕਿਹਾ ਕਿ 'ਉੱਚ ਅਧਿਕਾਰੀਆਂ ਤੋਂ ਰੈਬਰੀ (ਦਿਸ਼ਾ-ਨਿਰਦੇਸ਼) ਲਏ ਬਿਨਾਂ ਕਬਜ਼ਾ ਨਹੀਂ ਕਰ ਸਕਦੇ |' ਇਸ ਬਿਆਨ ਨਾਲ ਪਿੰਡ ਵਾਸੀਆਂ ਤੇ ਪੰਚਾਇਤ ਮੈਂਬਰਾਂ ਵਿਚ ਗੁੱਸੇ ਦੀ ਲਹਿਰ ਦੌੜ ਗਈ | ਸਰਪੰਚ ਜਗਤਾਰ ਸਿੰਘ ਨੇ ਕਿਹਾ ਕਿ ਅਦਾਲਤੀ ਫੈਸਲਾ ਪੰਚਾਇਤ ਦੇ ਹੱਕ 'ਚ ਆਉਣ ਦੇ ਬਾਵਜੂਦ ਵੀ ਜ਼ਮੀਨ ਦਾ ਕਬਜ਼ਾ ਨਾ ਮਿਲਣਾ ਗੰਭੀਰ ਲਾਪ੍ਰਵਾਹੀ ਹੈ | ਇਸ ਕਾਰਨ ਪੰਚਾਇਤ ਨੂੰ ਕਰੋੜਾਂ ਰੁਪਏ ਦੀ ਜ਼ਮੀਨ ਦਾ ਵਿੱਤੀ ਨੁਕਸਾਨ ਹੋ ਰਿਹਾ ਹੈ | ਉਸਨੇ ਚਿਤਾਵਨੀ ਦਿੱਤੀ ਕਿ ਜੇਕਰ ਇਕ ਹਫ਼ਤੇ ਅੰਦਰ ਜ਼ਮੀਨ ਦਾ ਕਬਜ਼ਾ ਪੰਚਾਇਤ ਨੂੰ ਨਹੀਂ ਮਿਲਦਾ, ਤਾਂ ਸਮੂਹ ਪੰਚਾਇਤ ਮੈਂਬਰ ਅਸਤੀਫ਼ੇ ਦੇ ਦੇਣਗੇ | ਇਸ ਮਾਮਲੇ ਦੀ ਇਲਾਕੇ 'ਚ ਇਸ ਗੱਲੋਂ ਚਰਚਾ ਹੋ ਰਹੀ ਹੈ ਕਿ ਜੇ ਦੁਲਚੀ ਮਾਜਰਾ ਪਿੰਡ ਦਾ ਸਰਪੰਚ ਆਮ ਆਦਮੀ ਪਾਰਟੀ ਦਾ ਕੱਟੜ ਸਮਰਥਕ ਹੋਣ ਦੇ ਬਾਵਜੂਦ ਆਪਣੇ ਪਿੰਡ ਦਾ ਨਾਜਾਇਜ਼ ਕਬਜ਼ਾ ਹੀ ਨਹੀਂ ਛੁਡਾ ਸਕਦਾ ਤਾਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਹੋਰ ਕੀ ਉਮੀਦ ਰੱਖ ਸਕਦੇ ਹਨ | ਲੋਕਾਂ ਦਾ ਕਹਿਣਾ ਹੈ ਕਿ ਜਦੋਂ ਪਾਰਟੀ ਦੀ ਸਰਕਾਰ ਖੁਦ ਸੱਤਾ ਵਿਚ ਹੈ ਤੇ ਉਨ੍ਹਾਂ ਦੇ ਸਮਰਥਕ ਸਰਪੰਚ ਨੂੰ ਵੀ ਆਪਣੀ ਜ਼ਮੀਨ ਦਾ ਕਬਜ਼ਾ ਨਹੀਂ ਮਿਲਦਾ, ਤਾਂ ਇਹ 'ਬਦਲਾਅ' ਦੇ ਨਾਅਰੇ ਦੀ ਅਸਲ ਹਕੀਕਤ ਵੀ ਦਰਸਾਉਂਦਾ ਹੈ | ਕਈ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਕੁਝ ਪ੍ਰਭਾਵਸ਼ਾਲੀ ਲੋਕਾਂ ਅਤੇ ਟਰੱਸਟ ਨਾਲ ਜੁੜੇ ਵਿਅਕਤੀਆਂ ਵਲੋਂ ਉੱਪਰਲੀ ਸਿਆਸੀ ਸਹਾਇਤਾ ਹਾਸਿਲ ਕਰਕੇ ਕਬਜ਼ਾ ਕਾਰਵਾਈ ਰੁਕਵਾਈ ਗਈ ਹੈ | ਦੂਜੇ ਪਾਸੇ ਬੀ. ਡੀ. ਪੀ. ਓ. ਰੂਪਨਗਰ ਅਮਿਤ ਸ਼ਰਮਾ ਨੇ ਦਲੀਲ ਦਿੱਤੀ ਕਿ ਮਾਮਲਾ ਅਦਾਲਤ ਵਿਚ ਹੈ, ਜਿਸ ਕਰਕੇ ਅੱਜ ਕਬਜ਼ਾ ਨਹੀਂ ਲਿਆ ਜਾ ਸਕਿਆ | ਉਨ੍ਹਾਂ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਨਾਲ ਕਬਜ਼ਾ ਛੁਡਾਉਣ ਦੀ ਕਾਰਵਾਈ ਕੀਤੀ ਜਾਵੇਗੀ | ਤਹਿਸੀਲਦਾਰ ਰਮਨ ਕੁਮਾਰ ਗੁਪਤਾ ਨੇ ਫ਼ੋਨ ਨਹੀਂ ਚੁੱਕਿਆ |