ਰੂਪਨਗਰ, 4 ਨਵੰਬਰ (ਸਤਨਾਮ ਸਿੰਘ ਸੱਤੀ)-ਸੇਂਟ ਕਾਰਮਲ ਸਕੂਲ ਰੂਪਨਗਰ 'ਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸ਼ਰਧਾ ਨਾਲ ਮਨਾਇਆ ਗਿਆ | ਦਿਨ ਦੀ ਸ਼ੁਰੂਆਤ ਸਕੂਲ ਕੈਂਪਸ 'ਚ ਪ੍ਰਭਾਤ ਫੇਰੀ ਨਾਲ ਹੋਈ, ਜਿਸ 'ਚ ਵਿਦਿਆਰਥੀਆਂ ਨੇ ਕੇਸਰੀ ਤੇ ਪੀਲੇ ਰੰਗ ਦੇ ਪਹਿਰਾਵੇ ਪਾ ਕੇ ਸ਼ਬਦ ਗਾਇਨ ਕਰਦੇ ਹੋਏ ਭਾਗ ਲਿਆ | ਸਮਾਰੋਹ ਦੌਰਾਨ ਵਿਦਿਆਰਥੀਆਂ ਵਲੋਂ ਗਤਕਾ ਕਲਾ ਦਾ ਸੁੰਦਰ ਪ੍ਰਦਰਸ਼ਨ ਕੀਤਾ, ਬੱਚਿਆਂ ਨੇ ਸ਼ਬਦ ਕੀਰਤਨ ਰਾਹੀਂ ਗੁਰੂ ਸਾਹਿਬਾਨ ਦੀ ਮਹਿਮਾ ਦਾ ਗੁਣਗਾਨ ਕੀਤਾ | ਪੰਜਾਬੀ ਵਿਭਾਗ ਦੀ ਮੁਖੀ ਸ੍ਰੀਮਤੀ ਸੁਰਿੰਦਰ ਕੌਰ ਨੇ ਇਸ ਸ਼ੁੱਭ ਦਿਹਾੜੇ ਦੀ ਮਹੱਤਤਾ ਬਿਆਨ ਕਰਦਿਆਂ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ 'ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ' ਨੂੰ ਆਪਣੇ ਜੀਵਨ ਵਿਚ ਅਪਣਾਉਣ ਲਈ ਪ੍ਰੇਰਿਤ ਕੀਤਾ | ਡਾਇਰੈਕਟਰ ਪਿ੍ੰਸੀਪਲ ਡਾ. ਪੂਨਮ ਡੋਗਰਾ ਨੇ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੀ ਸਾਂਝ ਨੂੰ ਰੌਸ਼ਨ ਕਰਦਿਆਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਧੁਨਿਕ ਜੀਵਨ ਨਾਲ ਜੋੜਿਆ | ਪਿ੍ੰਸੀਪਲ ਸ੍ਰੀਮਤੀ ਪੂਜਾ ਜੈਨ ਨੇ ਦਇਆ, ਸਮਾਨਤਾ ਤੇ ਸੇਵਾ ਦੇ ਸਿਧਾਂਤਾਂ 'ਤੇ ਜ਼ੋਰ ਦਿੰਦੇ ਹੋਏ ਵਿਦਿਆਰਥੀਆਂ ਨੂੰ ਇਹ ਗੁਰਬਾਣੀਕ ਸਿਧਾਂਤ ਅਮਲ ਵਿਚ ਲਿਆਉਣ ਲਈ ਉਤਸ਼ਾਹਿਤ ਕੀਤਾ | ਡਿਵੈੱਲਪਮੈਂਟ ਮੈਨੇਜਰ ਜਯਾ ਸੈਣੀ ਨੇ ਸਾਰਿਆਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੰਦਿਆਂ ਗੁਰੂ ਜੀ ਦੇ ਸਿਧਾਂਤਾਂ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ | ਸਮਾਰੋਹ ਸ਼ਰਧਾ, ਅਧਿਆਤਮਿਕਤਾ ਤੇ ਗੁਰਬਾਣੀ ਦੇ ਸੰਗਮ ਨਾਲ ਬਹੁਤ ਹੀ ਸੁਚੱਜੇ ਢੰਗ ਨਾਲ ਸੰਪੰਨ ਹੋਇਆ |