ਗੱਗੋਮਾਹਲ, 17 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧੰਗਈ ਦੀ ਪ੍ਰਧਾਨਗੀ ਹੇਠ ਹੋਈ, ਪੱਤਰਕਾਰਾਂ ਨਾਲ ਗੱਲ ਕਰਦਿਆਂ ਧੰਗਈ ਨੇ ਪੰਜਾਬ ਸਰਕਾਰ ਤੋਂ ਜੋਰਦਾਰ ਮੰਗ ਕੀਤੀ ਕਿ ਪਿੰਡਾਂ ਅੰਦਰ ਕਿਸਾਨਾਂ ਦੀਆਂ ਖੇਤੀ ਖਾਦਾਂ ਤੇ ਵਸਤਾਂ ਮੁਹੱਈਆ ਕਰਾਉਣ ਲਈ ਜੋ ਸਹਿਕਾਰੀ ਸਭਾਵਾਂ ਬਣਾਈਆਂ ਹੋਈਆਂ ਹਨ ਉਨ੍ਹਾਂ ਵਿਚ ਬਹੁਤ ਸਾਰੇ ਕਿਸਾਨ ਹਿੱਸੇਦਾਰੀ ਮੈਂਬਰ ਬਣਨ ਤੋਂ ਵਾਂਝੇ ਹਨ | ਇਸ ਵਕਤ ਡੀ.ਏ.ਪੀ. ਖਾਦ ਦੀ ਸਪਲਾਈ ਸਹਿਕਾਰੀ ਸੁਭਾਵਾ ਨੂੰ 60 ਫੀਸਦੀ ਤੇ ਖੁੱਲੀ ਮਾਰਕਿਟ ਵਿਚ 40 ਫੀਸਦੀ ਦਿੱਤੀ ਜਾਂਦੀ ਹੈ ਜਦੋਂ ਕਿ ਸਹਿਕਾਰੀ ਸਭਾਵਾਂ ਆਪਣੇ ਮੈਂਬਰ ਨੂੰ ਹੀ ਖਾਦ ਸਪਲਾਈ ਕਰ ਸਕਦੀਆਂ ਹਨ | ਜਿਹੜੀ ਥੋੜੀ ਖਾਦ ਮਾਰਕਿਟ 'ਚ ਆਉਂਦੀ ਹੈ ਉਹ ਨਿਰਧਾਰਿਤ ਰੇਟਾਂ ਤੋਂ ਵੱਧ ਰੇਟ 'ਤੇ ਖ੍ਰੀਦਣ ਲਈ ਕਿਸਾਨ ਮਜਬੂਰ ਹਨ | ਜਥੇਬੰਦੀ ਵਲੋਂ ਜ਼ੋਰਦਾਰ ਮੰਗ ਕੀਤੀ ਜਾਂਦੀ ਹੈ ਸਹਿਕਾਰਤਾ ਵਿਭਾਗ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਦੇ ਮੈਂਬਰ ਬਣਾਉਣ ਲਈ ਸਖ਼ਤ ਹਦਾਇਤਾਂ ਜਾਰੀ ਕਰਨ ਤਾਂ ਜੋ ਵੱਧ ਤੋਂ ਵੱਧ ਕਿਸਾਨ ਸਹਿਕਾਰਤਾ ਨਾਲ ਜੁੜ ਸਕਣ | ਮੀਟਿੰਗ ਦੌਰਾਨ ਆਗੂਆਂ ਵਲੋਂ ਪੰਜਾਬ ਸਰਕਾਰ ਦੇ ਨਾਦਰਸ਼ਾਹੀ ਫਰਮਾਨ ਤਹਿਤ ਪਰਾਲੀ ਸਾੜਣ ਵਾਲੇ ਕਿਸਾਨਾਂ ਵਿਰੁੱਧ ਪਰਚੇ ਦਰਜ ਕਰਕੇ ਮੋਟੇ ਜੁਰਮਾਨੇ ਵਸੂਲੇ ਜਾ ਰਹੇ ਹਨ | ਇਸ ਕਿਸਾਨ ਵਿਰੋਧੀ ਨੀਤੀ ਨੂੰ ਤੁਰੰਤ ਰੱਦ ਕੀਤਾ ਜਾਵੇ |