ਪਟਿਆਲਾ, 16 ਜੂਨ (ਗੁਰਪ੍ਰੀਤ ਸਿੰਘ ਚੱਠਾ)-ਸਰਹਿੰਦ ਰੋਡ ਪਟਿਆਲਾ 'ਤੇ ਜਾਂਦੇ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਰਾਹਗੀਰ ਮੋਟਰਸਾਈਕਲ ਵਾਲੇ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਰਾਹਗੀਰ ਦੀ ਮੌਤ ਹੋ ਗਈ ਹੈ | ਇਸ ਸੰਬੰਧੀ ਥਾਣਾ ਅਨਾਜ ਮੰਡੀ ਪਟਿਆਲਾ 'ਚ ਮਿ੍ਤਕ ਦੇ ਮਾਮੇ ਲਛਮਣ ਦਾਸ ਨੇ ਰਿਪੋਰਟ ਦਰਜ ਕਰਵਾਈ ਹੈ ਕਿ ਖ਼ੁਸ਼ਪ੍ਰੀਤ ਬਾਤਿਸ਼ ਆਪਣੇ ਮੋਟਰਸਾਈਕਲ 'ਤੇ ਸਰਹਿੰਦ ਰੋਡ ਉਪਰ ਸਥਿਤ ਵੇਰਕਾ ਮਿਲਕ ਪਲਾਂਟ ਕੋਲ ਰੋਜ਼ਾਨਾ ਦੀ ਤਰ੍ਹਾਂ ਸਵੇਰੇ 5 ਵਜੇ ਦੇ ਕਰੀਬ ਆਪਣੀ ਨੌਕਰੀ ਲਈ ਜਾ ਰਿਹਾ ਸੀ | ਉਸ ਵਕਤ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰ ਨੇ ਲਾਪ੍ਰਵਾਹੀ ਵਰਤਦਿਆਂ ਖੁਸ਼ਪ੍ਰੀਤ ਬਾਤਿਸ਼ ਨੂੰ ਟੱਕਰ ਮਾਰ ਦਿੱਤੀ ਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ ਹੈ | ਮਿ੍ਤਕ ਦੇ ਮਾਮਾ ਨੇ ਦੱਸਿਆ ਕਿ ਖੁਸ਼ਪ੍ਰੀਤ ਇਕਲੌਤਾ ਪੁੱਤਰ ਸੀ ਜੋ ਕਿ ਨੌਕਰੀ ਦੇ ਨਾਲ-ਨਾਲ ਪੜ੍ਹਾਈ ਵੀ ਕਰ ਰਿਹਾ ਸੀ | ਅਚਾਨਕ ਵਾਪਰੇ ਇਸ ਹਾਦਸੇ ਨਾਲ ਉਨ੍ਹਾਂ ਦੀ ਮਾਤਾ ਬੇਹੱਦ ਦੁਖੀ ਹੈ ਕਿਉਂਕਿ ਮਿ੍ਤਕ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ |