ਪਟਿਆਲਾ, 16 ਜੂਨ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਦੇ ਜ਼ਮੀਨੀ ਪਾਣੀ ਦਾ ਪੱਧਰ ਦਿਨ ਪ੍ਰਤੀ ਦਿਨ ਥੱਲੇ ਜਾਣ ਸੰਬੰਧੀ ਪਟਿਆਲਾ ਵਿਖੇ ਸ੍ਰੀ ਗੁਰੂ ਨਾਨਕ ਪਾਣੀ ਬਚਾਓ ਦਰੱਖਤ ਲਗਾਉ ਮਿਸ਼ਨ ਦੀ ਮੀਟਿੰਗ ਬਲਕਾਰ ਸਿੰਘ ਕਾਹਨਹੇੜੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਜਿੰਮੀਦਾਰਾਂ ਨੂੰ ਪੂਰਨ ਤੌਰ ਧਰਤੀ ਦੇ ਹੇਠਲੇ ਪਾਣੀ ਨੂੰ ਬਚਾਉਣ ਲਈ ਸੁਚੇਤ ਹੋਣ ਦਾ ਸੱਦਾ ਦਿੱਤਾ ਹੈ | ਜੇਕਰ ਸਰਕਾਰ ਆਪਣੀ ਵੋਟਾਂ ਕਰਕੇ ਬਿਜਲੀ ਦੀ ਸਪਲਾਈ 8-10 ਘੰਟੇ 1 ਜੂਨ ਤੋਂ ਦੇ ਰਹੀ ਹੈ ਤਾਂ ਸਾਨੂੰ ਝੋਨੇ ਦਾ ਲਗਾਈ ਇੰਨੀ ਗਰਮੀ 'ਚ ਸ਼ੁਰੂ ਨਹੀਂ ਕਰਨੀ ਚਾਹੀਦੀ ਕਿਉਂਕਿ ਇੰਨੀ ਗਰਮੀ 'ਚ 70 ਫ਼ੀਸਦੀ ਤੋਂ 80 ਫ਼ੀਸਦੀ ਪਾਣੀ ਤਾਂ ਹਵਾ 'ਚ ਉੱਡ ਜਾਂਦਾ ਹੈ, ਸਿਰਫ਼ 20 ਫ਼ੀਸਦੀ ਪਾਣੀ ਹੀ ਫ਼ਸਲ ਦੇ ਕੰਮ ਆਉਂਦਾ ਹੈ | ਪਾਣੀ ਦਾ ਪੱਧਰ ਥੱਲੇ ਜਾਣ ਕਰਕੇ ਇਸ ਨਾਲ ਜਿੰਮੀਦਾਰ ਦੇ ਟਿਊਬਵੈੱਲ ਵੀ ਜਲਦੀ ਖ਼ਰਾਬ ਹੋ ਜਾਂਦੇ ਹਨ | ਹੁਣ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਵੀ ਕਿਹਾ ਹੈ ਕਿ ਝੋਨੇ ਦੀਆਂ ਕਿਸਮਾਂ ਪੀ. ਆਰ. 126, 131, 191 ਵਗ਼ੈਰਾ ਜੋ ਲੱਗ ਰਹੀਆਂ ਹਨ, ਉਹ ਜੁਲਾਈ ਦੇ ਪਹਿਲੇ ਹਫ਼ਤੇ ਲੱਗਣੀਆਂ ਚਾਹੀਦੀਆਂ ਹਨ | ਇਨ੍ਹਾਂ ਦੀ ਬਿਜਾਈ ਜੋ ਜਿੰਮੀਦਾਰ ਹੁਣ ਜੂਨ ਮਹੀਨੇ 'ਚ ਕਰ ਰਹੇ ਹਨ, ਉਹ ਫ਼ਸਲ ਵੀ ਉਦੋਂ ਹੀ ਪੱਕਣੀ ਹੈ, ਜਦੋਂ ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ ਲੱਗੀ ਝੋਨੇ ਦੀ ਫ਼ਸਲ ਪੱਕੇਗੀ, ਕਿਉਂਕਿ ਫ਼ਸਲ ਦਾ ਪੱਕਣਾ ਮੌਸਮ ਦੇ ਹਿਸਾਬ ਨਾਲ ਹੁੰਦਾ ਹੈ | ਇਸ ਲਈ ਜਿੰਮੀਦਾਰ ਭਰਾਵਾਂ ਨੂੰ ਧਰਤੀ ਹੇਠਲਾ ਪਾਣੀ ਬਚਾਉਣ ਲਈ ਝੋਨੇ ਦੀ ਫ਼ਸਲ ਦੀ ਲੁਆਈ 30 ਜੂਨ ਤੋਂ ਸ਼ੁਰੂ ਕਰਨੀ ਚਾਹੀਦੀ ਹੈ | ਝੋਨੇ ਦੀ ਫ਼ਸਲ ਕਰਕੇ ਪੰਜਾਬ ਬਹੁਤ ਜਲਦ ਰੇਗਿਸਤਾਨ ਬਣ ਜਾ ਰਿਹਾ ਹੈ | ਜਿੰਮੀਦਾਰ ਤਬਕਾ ਝੋਨੇ ਦੀ ਲਗਵਾਈ ਜੂਨ 'ਚ ਸ਼ੁਰੂ ਕਰਕੇ ਧਰਤੀ ਹੇਠਲੇ ਪਾਣੀ ਨੂੰ ਸਮੇਂ ਤੋਂ ਪਹਿਲਾਂ ਮੁਕਾਉਣ 'ਤੇ ਲੱਗੇ ਹੋਏ ਹਨ | ਜਿੰਮੀਦਾਰ ਬਰਸਾਤੀ ਪਾਣੀ ਨੂੰ ਵੀ ਖੇਤਾਂ 'ਚ 25-30 ਫੁੱਟ ਡੂੰਘੇ ਟੋਏ ਪੁੱਟ ਕੇ ਸਟੋਰ ਕਰ ਸਕਦੇ ਹਨ | ਇਸ ਮੌਕੇ ਹਰਪ੍ਰੀਤ ਸਿੰਘ, ਹਰਫੂਲ ਸਿੰਘ ਬੋਸਰ, ਜਗਰੂਪ ਸਿੰਘ ਪੰਜੋਲਾ, ਰਣਦੀਪ ਸਿੰਘ, ਭੁਪਿੰਦਰ ਸਿੰਘ, ਮਨਜੀਤ ਸਿੰਘ ਲਾਡੀ, ਦੀਦਾਰ ਸਿੰਘ ਬੋਸਰ, ਜਗਜੀਤ ਸਿੰਘ ਬਾਰਨ ਆਦਿ ਹਾਜ਼ਰ ਹੋਏ |