ਰਾਜਪੁਰਾ, 16 ਜੂਨ (ਜੀ. ਪੀ. ਸਿੰਘ)-ਨੇੜਲੇ ਪਿੰਡ ਸੁਰਹੋਂ ਦੇ ਡੇਰਾ ਗੀਗਾ ਮਾਜਰੀਆ ਵਿਖੇ ਕੁਦਰਤੀ ਖੇਤੀ ਲਗਾਉਣ ਵਾਲੇ ਕਿਸਾਨਾਂ ਦੀ ਸੰਸਥਾ 'ਕੁਦਰਤੀ ਖੇਤੀ ਲਾਉਣਾ' ਦੀ ਇਕ ਬੈਠਕ ਨਵ-ਨਿਯੁਕਤ ਕੁਆਰਡੀਨੇਟਰ ਜਸਵੰਤ ਸਿੰਘ ਪੂਨੀਆ ਦੀ ਅਗਵਾਈ 'ਚ ਹੋਈ | ਬੈਠਕ 'ਚ ਜਸਵੰਤ ਸਿੰਘ ਪੂਨੀਆ ਨੇ ਦੱਸਿਆ ਕਿ ਕਿਸਾਨ ਗੁਰਮੀਤ ਸਿੰਘ, ਸੰਦੀਪ ਸਿੰਘ ਛੈਲੀ, ਹਰਕੇਵਲ ਸਿੰਘ, ਚਰਨਜੀਤ ਧੀਮਾਨ ਕਈ ਸਾਲਾਂ ਤੋਂ ਕੁਦਰਤੀ ਖੇਤੀ ਕਰ ਰਹੇ ਹਨ | ਕਿਸਾਨਾਂ ਨੇ ਵਿਸਤਾਰ ਨਾਲ ਆਪਣਾ ਤਜ਼ਰਬਾ ਸਾਂਝਾ ਕਰਦੇ ਹੋਏ ਕਿਹਾ ਕਿ ਖਾਦਾਂ, ਦਵਾਈਆਂ ਦੀ ਅਥਾਹ ਵਰਤੋਂ ਕਾਰਨ ਪੰਜਾਬ ਚ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਨੂੰ ਠੱਲ੍ਹ ਪਾਉਣ ਲਈ ਕੁਦਰਤੀ ਖੇਤੀ ਸਮੇਂ ਦੀ ਮੁੱਖ ਜ਼ਰੂਰਤ ਬਣ ਗਈ ਹੈ | ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ 'ਕੁਦਰਤੀ ਖੇਤੀ ਲਗਾਉਣਾ' ਸੰਸਥਾ ਵਲੋਂ ਬਣਾਈ ਗਈ ਹੈ ਜੋ ਕਿਸਾਨਾਂ ਨੂੰ ਕੁਦਰਤ ਨਾਲ ਜੁੜਨ ਲਈ ਇਕ ਨਾਅਰਾ ਦਿੱਤਾ ਗਿਆ ਹੈ ਕਿ 'ਕੁਦਰਤੀ ਫਸਲਾਂ, ਸਿਹਤਮੰਦ ਨਸਲਾਂ' | ਉਨ੍ਹਾਂ ਦੱਸਿਆ ਕਿ ਇਨ੍ਹਾਂ ਵਸਤੂਆਂ ਦੇ ਪ੍ਰਚਾਰ ਲਈ ਸੈਮੀਨਾਰਾਂ ਦੇ ਨਾਲ-ਨਾਲ ਸ਼ੋਸ਼ਲ ਮੀਡੀਆ ਵਰਤੋਂ ਵੀ ਕੀਤੀ ਜਾਵੇਗੀ |