ਪਟਿਆਲਾ, 16 ਜੂਨ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਯੂ. ਜੀ. ਸੀ. ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਵਿਖੇ 'ਫਿਜ਼ੀਕਲ ਸਾਇੰਸਜ਼, ਕੈਮੀਕਲ ਸਾਇੰਸਜ਼ ਤੇ ਇੰਜੀਨੀਅਰਿੰਗ' ਵਿਸ਼ੇ ਨਾਲ ਸੰਬੰਧਿਤ ਰਿਫਰੈਸ਼ਰ ਕੋਰਸ ਸਮਾਪਤ ਹੋ ਗਿਆ ਹੈ | ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਗਿਆਨ ਦੇ ਨਵੇਂ ਖੇਤਰਾਂ ਤੇ ਰੁਝਾਨਾਂ ਨਾਲ ਜੋੜੀਂ ਰੱਖਣ ਦੇ ਲਿਹਾਜ਼ ਨਾਲ 'ਰਿਫਰੈਸ਼ਰ ਕੋਰਸ' ਦਾ ਹਰੇਕ ਅਧਿਆਪਕ ਦੀ ਜ਼ਿੰਦਗੀ ਵਿਚ ਵਿਸ਼ੇਸ਼ ਮਹੱਤਵ ਹੁੰਦਾ ਹੈ | ਉਨ੍ਹਾਂ ਕਿਹਾ ਕਿ ਅਧਿਆਪਨ ਇਕ ਅਜਿਹਾ ਖੇਤਰ ਹੈ ਜਿਥੇ ਹਰੇਕ ਅਧਿਆਪਕ ਦਾ ਆਪਣੇ ਖੇਤਰ ਵਿਚਲੇ ਨਵੇਂ ਗਿਆਨ ਨਾਲ ਜੁੜ ਕੇ ਅੱਪਡੇਟ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ | ਉਨ੍ਹਾਂ ਨੇ ਸਾਰੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਅਕਾਦਮਿਕ ਤੇ ਪੇਸ਼ੇਵਰ ਕੰਮਾਂ 'ਚ ਨਿਰੰਤਰ ਸਫਲਤਾ ਲਈ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਿਰਸਾ ਦੇ ਉਪ-ਕੁਲਪਤੀ ਪ੍ਰੋ. ਵਿਜੇ ਕੁਮਾਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਉਨ੍ਹਾਂ ਇਸ ਪ੍ਰੋਗਰਾਮ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਇਸ ਨੂੰ ਭਾਰਤ ਭਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਫੈਕਲਟੀ ਮੈਂਬਰਾਂ ਲਈ ਲਾਹੇਵੰਦ ਅਮਲ ਕਰਾਰ ਦਿੱਤਾ | ਉਨ੍ਹਾਂ ਆਪਣੇ ਭਾਸ਼ਨ 'ਚ ਤਕਨਾਲੋਜੀ ਤੇ ਖੋਜ ਦੀ ਪਰਿਵਰਤਨਸ਼ੀਲ ਭੂਮਿਕਾ ਨੂੰ ਉਜਾਗਰ ਕਰਦਿਆਂ ਅਹਿਮ ਨੁਕਤੇ ਪੇਸ਼ ਕੀਤੇ | ਸੈਂਟਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਆਪਣੇ ਸਵਾਗਤੀ ਭਾਸ਼ਨ ਦੌਰਾਨ ਸੈਂਟਰ ਵਲੋਂ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਚਾਨਣਾ ਪਾਇਆ | ਉਨ੍ਹਾਂ ਸਟਾਫ਼ ਮੈਂਬਰਾਂ ਡਾ. ਮਨਦੀਪ ਸਿੰਘ, ਦਿਆਲ ਦੱਤ, ਸੁਰਿੰਦਰ ਸਿੰਘ, ਕਾਂਤਾ ਰਾਣੀ, ਮਹਾਵੀਰ ਸਿੰਘ ਤੇ ਸੁਰਿੰਦਰ ਕੁਮਾਰ ਦੀ ਵੀ ਪ੍ਰਸੰਸਾ ਕੀਤੀ ਗਈ | ਰਿਫਰੈਸ਼ਰ ਕੋਰਸ ਦੇ ਕੋਆਰਡੀਨੇਟਰ ਡਾ. ਅਨੂਪ ਠਾਕਰ ਤੇ ਕੋ-ਕੋਆਰਡੀਨੇਟਰ ਡਾ. ਕਰਮਜੀਤ ਸਿੰਘ ਧਾਲੀਵਾਲ ਨੇ 'ਫਿਜ਼ੀਕਲ ਸਾਇੰਸਜ਼, ਕੈਮੀਕਲ ਸਾਇੰਸਜ਼ ਅਤੇ ਇੰਜੀਨੀਅਰਿੰਗ' ਵਿਸ਼ੇ ਬਾਰੇ ਆਪਣੇ ਵਿਚਾਰ ਰੱਖੇ |