ਪਟਿਆਲਾ, 16 ਜੂਨ (ਅ.ਸ. ਆਹਲੂਵਾਲੀਆ)-ਕੁਝ ਦਿਨ ਪਹਿਲਾਂ ਨਗਰ ਨਿਗਮ ਕੋਲ ਪੁੱਜੀਆਂ ਸ਼ਿਕਾਇਤਾਂ ਸੁਣਨ ਮਗਰੋਂ ਮੇਅਰ ਕੁੰਦਨ ਗੋਗੀਆ ਤੇ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਵਲੋਂ ਲੋਕਾਂ ਨੂੰ ਆਉਣ ਵਾਲੀਆਂ ਦਿੱਕਤਾਂ ਦੇ ਮੱਦੇਨਜ਼ਰ ਕਾਰ ਬਾਜ਼ਾਰ ਦੇ ਵਪਾਰੀਆਂ ਨੂੰ ਜਗ੍ਹਾ ਬਦਲਣ ਲਈ ਕਹਿ ਦਿੱਤਾ ਗਿਆ ਸੀ ਪਰ ਬੀਤੇ ਦਿਨੀਂ ਕਾਰ ਬਾਜ਼ਾਰ ਦੇ ਵਪਾਰੀਆਂ ਵਲੋਂ ਮੇਅਰ ਕੁੰਦਨ ਗੋਗੀਆ ਤੇ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਨਾਲ ਮੀਟਿੰਗ ਕਰਕੇ ਮਸਲੇ ਨੂੰ ਸੁਲਝਾ ਲਿਆ ਗਿਆ ਹੈ | ਮੀਟਿੰਗ ਉਪਰੰਤ ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਕਾਰ ਵਪਾਰੀਆਂ ਨਾਲ ਹੋਈ ਮੀਟਿੰਗ ਮਗਰੋਂ ਲਏ ਗਏ ਫ਼ੈਸਲੇ ਅਨੁਸਾਰ ਕਾਰ ਵਪਾਰੀਆਂ ਵਲੋਂ ਕਾਰਾਂ ਨੂੰ ਸੀਮਤ ਜਗ੍ਹਾ ਵਿਚ ਖੜ੍ਹਾਇਆ ਜਾਵੇਗਾ ਅਤੇ ਇਸ ਦੇ ਨਾਲ ਹੀ ਕਾਰ ਵਪਾਰੀਆਂ ਵਲੋਂ ਕੁਝ ਹੀ ਕਾਰਾਂ ਨੂੰ ਆਪਣੀ ਦੁਕਾਨ ਅੱਗੇ ਖੜ੍ਹਾ ਕੀਤਾ ਜਾਵੇਗਾ ਤੇ ਬਾਕੀ ਕਾਰਾਂ ਨੂੰ ਗਡਾਉਣ ਵਿਚ ਲਗਾਉਣਾ ਲਾਜ਼ਮੀ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਉਨ੍ਹਾਂ ਪ੍ਰਾਈਵੇਟ ਸੈਕਟਰ ਨੂੰ ਆਉਣ ਵਾਲੀਆਂ ਦਿੱਕਤਾਂ ਦੇ ਮੱਦੇਨਜ਼ਰ ਫ਼ੈਸਲਾ ਲੈਂਦਿਆਂ ਕਿਹਾ ਕਾਰ ਬਾਜ਼ਾਰ ਵਿਚ ਬਣਨ ਜਾ ਰਹੀ ਚਿੱਟੀ ਪੱਟੀ ਦੇ ਨਿਸ਼ਾਨ ਅੰਦਰ ਹੀ ਹਰ ਵਿਅਕਤੀ ਨੂੰ ਕਾਰ ਖੜ੍ਹੀ ਕਰਨ ਦੀ ਅਪੀਲ ਕੀਤੀ ਹੈ | ਅਜਿਹਾ ਨਾ ਹੋਣ ਦੀ ਸੂਰਤ ਵਿੱਚ ਭਾਰੀ ਜੁਰਮਾਨਾ ਜਾਂ ਸਥਾਨਕ ਪੁਲਿਸ ਨਾਲ ਮਿਲ ਕੇ ਕਾਰ ਨੂੰ ਟੋਅ ਕਰ ਕੇ ਨੇੜਲੇ ਥਾਣੇ ਭੇਜ ਦਿੱਤਾ ਜਾਵੇਗਾ | ਮੇਅਰ ਕੁੰਦਨ ਗੋਗੀਆ ਨੇ ਵਿਸ਼ੇਸ਼ ਤੌਰ 'ਤੇ ਕਿਹਾ ਕਿ ਕਾਰ ਵਪਾਰੀਆਂ ਨੂੰ ਇਕ ਸਟਿੱਕਰ ਵੀ ਜਾਰੀ ਕੀਤਾ ਜਾਵੇਗਾ, ਜਿਸ ਤਹਿਤ ਕਾਰ ਵਪਾਰੀ ਦੀ ਅਲੱਗ ਤੌਰ 'ਤੇ ਪਹਿਚਾਣ ਹੋਵੇਗੀ ਕਿਉਂਕਿ ਕਾਰ ਵਪਾਰੀਆਂ ਦਾ ਵੀ ਕਹਿਣਾ ਸੀ ਕਿ ਕਈ ਲੋਕ ਆਪਣੀ ਕਾਰ ਨੂੰ ਲੰਮੇ ਸਮੇਂ ਲਈ ਕਾਰ ਬਾਜ਼ਾਰ ਅੰਦਰ ਖੜ੍ਹਾ ਕਰ ਦਿੰਦੇ ਸਨ, ਜਿਸ ਨਾਲ ਆਉਣ ਵਾਲੀ ਦਿੱਕਤ ਦਾ ਇਸ਼ਾਰਾ ਵੀ ਕਾਰ ਵਪਾਰੀਆਂ ਵੱਲ ਹੁੰਦਾ ਸੀ | ਇਸ ਦੇ ਨਾਲ ਹੀ ਮੇਅਰ ਕੁੰਦਨ ਗੋਗੀਆ ਨੇ ਕਾਰ ਵਪਾਰੀਆਂ ਨੂੰ ਵਾਤਾਵਰਨ ਲਈ ਆਪਮੁਹਾਰੇ ਹੋ ਕੇ ਬਾਰਾਂਦਰੀ ਵਿਖੇ ਰੁੱਖ ਲਗਾਉਣ ਲਈ ਅਪੀਲ ਕੀਤੀ | ਇਸ ਮੌਕੇ ਕਾਰ ਵਪਾਰੀ ਵਿਪਨ ਕੁਮਾਰ ਸ਼ਰਮਾ ਪ੍ਰਧਾਨ, ਬਲਵੀਰ ਸਿੰਘ, ਚਰਨਜੀਤ ਸਿੰਘ, ਪਵਿੱਤਰ ਸਿੰਘ, ਸੰਜੇ ਗੋਇਲ, ਰਵਿੰਦਰ ਸ਼ਰਮਾ ਸੋਨੂੰ ਤੇ ਕਈ ਵਪਾਰੀ ਐਸੋਸੀਏਸ਼ਨ ਦੇ ਨੁਮਾਇੰਦੇ ਮੌਜੂਦ ਰਹੇ |