ਪਟਿਆਲਾ, 18 ਜੂਨ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਤੋਂ ਮੁਖੀ ਪ੍ਰੋ. ਦਮਨਜੀਤ ਸੰਧੂ ਨੂੰ ਯੂ. ਕੇ. ਦੀ ਰੋਇਲ ਹਾਲੋਵੇ ਯੂਨੀਵਰਸਿਟੀ ਲੰਡਨ ਵਲੋਂ ਤਿੰਨ ਸਾਲਾਂ ਲਈ ਆਨਰੇਰੀ ਰਿਸਰਚ ਫੈਲੋ ਨਿਯੁਕਤ ਕੀਤਾ ਗਿਆ ਹੈ | ਪ੍ਰੋ. ਸੰਧੂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਬਾਲ ਵਿਕਾਸ ਅਤੇ ਤੰਦਰੁਸਤੀ ਦੇ ਖੇਤਰ ਵਿੱਚ ਕੀਤੇ ਗਏ ਕਾਰਜ ਸਦਕਾ ਰੋਇਲ ਹਾਲੋਵੇ ਯੂਨੀਵਰਸਿਟੀ ਲੰਡਨ ਨੇ ਉਨ੍ਹਾਂ ਨੂੰ ਇਸ ਜ਼ਿੰਮੇਵਾਰੀ ਨਾਲ ਨਿਵਾਜ ਦਿਆਂ ਯੂਨੀਵਰਸਿਟੀ ਦੀ ਖੋਜ ਅਤੇ ਅਧਿਆਪਨ ਖੇਤਰ ਵਿੱਚ ਸਮੂਲੀਅਤ ਵਧਾਉਣ ਲਈ ਆਪਣੀ ਮੁਹਾਰਤ ਅਤੇ ਅਨੁਭਵ ਸਾਂਝਾ ਕਰਨ ਹਿਤ ਸੱਦਾ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਉਹ ਰੋਇਲ ਹਾਲੋਵੇ ਯੂਨੀਵਰਸਿਟੀ ਦੇ ਇੱਕ ਸਰਗਰਮ ਮੈਂਬਰ ਵਜੋਂ ਵਿਚਰਦਿਆਂ ਇਸ ਨਵੀਂ ਸਮਰੱਥਾ ਤਹਿਤ ਵੱਖ-ਵੱਖ ਸਾਂਝੇ ਖੋਜ ਪ੍ਰੋਜੈਕਟਾਂ ਵਿੱਚ ਕੰਮ ਕਰਨਗੇ, ਵਿਦਿਆਰਥੀਆਂ ਨੂੰ ਸਲਾਹਕਾਰੀ ਨਾਲ ਜੁੜੀਆਂ ਸੇਵਾਵਾਂ ਪ੍ਰਦਾਨ ਕਰਨਗੇ, ਵੱਖ-ਵੱਖ ਥਾਵਾਂ ਉੱਤੇ ਭਾਸਣ ਦੇਣਗੇ ਅਤੇ ਬਾਲ ਵਿਕਾਸ ਅਤੇ ਤੰਦਰੁਸਤੀ ਦੇ ਖੇਤਰ ਵਿੱਚ ਸੈਮੀਨਾਰਾਂ ਅਤੇ ਵਰਕਸ਼ਾਪਾਂ ਵਿੱਚ ਯੋਗਦਾਨ ਪਾਉਣਗੇ | ਉਨ੍ਹਾਂ ਦੱਸਿਆ ਕਿ ਰੋਇਲ ਹਾਲੋਵੇ ਯੂਨੀਵਰਸਿਟੀ ਲੰਡਨ ਵੱਲੋਂ ਆਨਰੇਰੀ ਫੈਲੋਸਿਪ ਉਨ੍ਹਾਂ ਵਿਅਕਤੀਆਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਨੇ ਆਪਣੇ ਖੇਤਰ ਵਿੱਚ ਅਜਿਹੀਆਂ ਅਸਧਾਰਨ ਪ੍ਰਾਪਤੀਆਂ ਤੇ ਵਚਨਬੱਧਤਾ ਦਾ ਪ੍ਰਦਰਸਨ ਕੀਤਾ ਹੋਵੇ, ਜੋ ਉਸ ਯੂਨੀਵਰਸਿਟੀ ਦੀਆਂ ਕਦਰਾਂ ਕੀਮਤਾਂ ਅਤੇ ਦਿ੍ਸਟੀਕੋਣ ਨਾਲ ਮੇਲ ਖਾਂਦੀਆਂ ਹੋਣ | ਉਪਕੁਲਪਤੀ ਡਾ. ਜਗਦੀਪ ਸਿੰਘ ਨੇ ਪ੍ਰੋ. ਦਮਨਜੀਤ ਸੰਧੂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਪੰਜਾਬੀ ਯੂਨੀਵਰਸਿਟੀ ਦੇ ਦੁਨੀਆ ਭਰ ਦੇ ਪ੍ਰਮੁੱਖ ਅਦਾਰਿਆਂ ਨਾਲ ਬਿਹਤਰ ਸਬੰਧ ਸਥਾਪਿਤ ਕਰਨ ਦੇ ਰਾਹ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ |