21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਹੜ੍ਹਾਂ ਦੀ ਮਾਰ ਦੇ ਡਰਾਵਣੇ ਸੁਫ਼ਨਿਆਂ ਨੇ ਕਿਸਾਨਾਂ ਦੇ ਭਵਿੱਖ ਦੀ ਨੀਂਦ ਉਡਾਈ

ਅਜੀਤ ਡੈਸਕ 22-06-2025
ਪਟਿਆਲਾ, 21 ਜੂਨ (ਗੁਰਪ੍ਰੀਤ ਸਿੰਘ ਚੱਠਾ)-ਇਸ ਵਾਰ ਮੌਸਮ ਵਿਭਾਗ ਵਲੋਂ ਭਰਵੀਂ ਮਾਨਸੂਨ ਦੀ ਕੀਤੀ ਗਈ ਪੇਸ਼ੀਨਗੋਈ ਅਤੇ ਦੋ ਸਾਲ ਪਹਿਲਾਂ ਮਾਨਸੂਨ ਸੀਜ਼ਨ 'ਚ ਹੜ੍ਹਾਂ ਦੀ ਤਬਾਹੀ ਦਾ ਤਜਰਬਾ ਘੱਗਰ ਪੱਟੀ ਦੇ ਲੋਕਾਂ ਲਈ ਅਜਿਹਾ ਡਰਾਉਣਾ ਸੁਫ਼ਨਾ ਬਣ ਗਿਆ ਹੈ ਕਿ ਬਚਾਅ ਪ੍ਰਬੰਧਾਂ ਨੂੰ ਲੈ ਕੇ ਸਰਕਾਰੀ ਦਾਅਵਿਆਂ ਦੀ ਪੈਦਾ ਹੋਈ ਬੇਭਰੋਸਗੀ ਦੇ ਆਲਮ 'ਚ ਪੀੜਤ ਲੋਕ ਅਗਾਊਾ ਪ੍ਰਬੰਧਾਂ 'ਚ ਆਪ ਹੀ ਜੁੱਟ ਗਏ ਹਨ | ਪਿਛਲੇ ਵਾਰ ਹੜ੍ਹਾਂ 'ਚ ਕਿਸਾਨਾਂ ਦੀ ਸਿਰਫ਼ ਫ਼ਸਲ ਹੀ ਤਬਾਹ ਨਹੀਂ ਸੀ ਹੋਈ ਸਗੋਂ ਜਿਥੇ ਕਈ ਘਰ ਤਰੇੜਾਂ ਮਾਰ ਗਏ ਸਨ ਉੱਥੇ ਕਈਆਂ ਦੇ ਘਰ ਟੁੱਟ ਕੇ ਡਿੱਗ ਹੀ ਪਏ ਸਨ | ਇਸ ਤੋਂ ਇਲਾਵਾ ਪਾਣੀ ਦੇ ਵਹਾਅ ਨਾਲ ਕਈ ਕਿਸਾਨਾਂ ਦੇ ਖੇਤਾਂ ਦੀ ਮਿੱਟੀ ਤੱਕ ਰੁੜ੍ਹ ਗਈ ਸੀ | ਇਸ ਵਾਰ ਮੁੜ ਹੜ੍ਹ ਆਉਣ ਦੀ ਸੂਰਤ ਵਿਚ ਪਿਛਲੇ ਨੁਕਸਾਨ ਦੁਹਰਾਉਣ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ ਇਸ ਵਾਰ ਲੋਕ ਘਰਾਂ ਅੰਦਰ ਪਿਆ ਕੀਮਤੀ ਸਮਾਨ ਅਤੇ ਆਟਾ, ਦਾਲਾਂ ਬਚਾਉਣ ਲਈ ਛੱਤਾਂ 'ਤੇ ਸਮਾਨ ਰੱਖਣ ਤੇ ਚੁੱਲ੍ਹੇ ਬਣਾਉਣ ਦੇ ਕੰਮ ਦੀ ਤਿਆਰੀ ਜ਼ਰੂਰ ਕਰਨ ਲੱਗੇ ਹਨ | ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਬਰਸਾਤੀ ਮੌਸਮ 'ਚ ਵਹਿਣ ਵਾਲੇ ਇਸ ਘੱਗਰ ਦਰਿਆ ਦੇ ਨਾਲ ਲੱਗਦੇ ਪੰਚਕੂਲਾ, ਮੋਹਾਲੀ, ਪਟਿਆਲਾ ਅਤੇ ਸੰਗਰੂਰ ਦੇ ਇਲਾਕੇ 'ਚ ਲੱਖਾਂ ਏਕੜ ਜ਼ਮੀਨ ਅਤੇ ਘਰ ਇਸ ਦੀ ਮਾਰ ਹੇਠ ਆਉਂਦੇ ਹਨ | ਪਿਛਲੇ ਕਈ ਦਹਾਕਿਆਂ ਤੋਂ ਪੈ ਰਹੀ ਹੜ੍ਹਾਂ ਦੀ ਮਾਰ ਦੌਰਾਨ ਹਰ ਪਾਰਟੀ ਇਸ ਦੇ ਠੋਸ ਹੱਲ ਦੇ ਨਾਮ 'ਤੇ ਵੋਟਾਂ ਬਟੋਰਦੀ ਰਹੀ ਹੈ | ਪਰ ਇਸ ਦਾ ਸਥਾਈ ਹੱਲ ਅਜੇ ਤੱਕ ਕਿਸੇ ਸਰਕਾਰ ਨੇ ਨਹੀਂ ਕੱਢਿਆ | ਸਾਲ 2023 ਵਿਚ ਘੱਗਰ ਦਰਿਆ ਨੇ ਭਾਰੀ ਤਬਾਹੀ ਮਚਾਈ ਸੀ | ਇਸ ਕਾਰਨ ਹਜ਼ਾਰਾਂ ਹੈਕਟੇਅਰ ਝੋਨੇ ਦੀ ਖੇਤੀ ਤਬਾਹ ਹੋ ਗਈ ਸੀ | ਉਸ ਵਕਤ ਪਾਣੀ ਦਾ ਵਹਾ ਏਨਾ ਤੇਜ ਸੀ ਕਿ ਬਹੁਤੇ ਲੋਕਾਂ ਨੇ ਘਰਾਂ ਅੰਦਰ ਪਾਣੀ ਵੜਨ ਤੋਂ ਰੋਕਣ ਲਈ ਘਰਾਂ ਅੱਗੇ ਮਿੱਟੀ ਦੇ ਬੰਨ੍ਹ ਮਾਰੇ ਸਨ | ਪਰ ਪਾਣੀ ਦਾ ਪੱਧਰ ਅਤੇ ਵਹਾਅ ਤੇਜ਼ੀ ਨਾਲ ਵੱਧ ਗਿਆ ਜਿਸ ਨਾਲ ਆਰਜ਼ੀ ਬੰਨ੍ਹ ਤੋੜ ਕੇ ਇਕਦਮ ਪਾਣੀ ਲੋਕਾਂ ਦੇ ਘਰਾਂ ਦਾਖਲ ਹੋ ਗਿਆ ਤੇ ਪਾਣੀ ਦੇ ਧੱਕੇ ਨਾਲ ਬਹੁਗਿਣਤੀ ਘਰਾਂ 'ਚ ਨੀਂਹਾਂ ਬੈਠ ਗਈਆਂ ਅਤੇ ਕੰਧਾਂ ਤਰੇੜਾਂ ਮਾਰ ਗਈਆਂ ਸਨ | ਇਸ ਦੇ ਨਾਲ ਹੀ ਕਈਆਂ ਦੇ ਘਰ ਟੁੱਟੇ ਕੇ ਡਿੱਗ ਵੀ ਪਏ ਸਨ | ਘਰਾਂ 'ਚ ਪਾਣੀ ਭਰਨ ਨਾਲ ਸਿਰਫ਼ ਘਰ ਹੀ ਨਹੀਂ ਨੁਕਸਾਨੇ ਗਏ ਸਗੋਂ ਘਰਾਂ ਅੰਦਰ ਕੀਮਤੀ ਸਮਾਨ ਜਿਸ ਵਿਚ ਸੋਫੇ, ਬੈਡ, ਖਾਣ ਵਾਲੀ ਕਣਕ ਤੇ ਹੋਰ ਰਾਸ਼ਨ, ਬਿਜਲੀ ਯੰਤਰ ਅਤੇ ਕੀਮਤੀ ਕੱਪੜੇ ਜਿਨ੍ਹਾਂ ਵਿਚ ਨਵ ਵਿਆਹੁਤਾ ਦੇ ਦਾਜ ਦਹੇਜ ਦਾ ਸਮਾਨ ਅਤੇ ਗਹਿਣੇ ਤੱਕ ਖ਼ਰਾਬ ਹੋ ਗਏ ਸਨ ਕਈ ਘਰਾਂ ਦਾ ਇਹ ਨੁਕਸਾਨ 10 ਲੱਖ ਤੋਂ ਵੀ ਜ਼ਿਆਦਾ ਸੀ | ਇਸ ਤੋਂ ਇਲਾਵਾ ਕਿਸਾਨਾਂ ਦੀ ਤੂੜੀ ਤੰਦ ਦੇ ਡੰਗਰਾਂ ਦੇ ਨਾਲ ਟਿਊਬਵੈੱਲ ਵੀ ਖ਼ਰਾਬ ਹੋ ਗਏ ਸਨ | ਇਹ ਵੀ ਵੱਡਾ ਵਿੱਤੀ ਨੁਕਸਾਨ ਸੀ | ਪਿੰਡ ਧਰਮਹੇੜੀ ਦੇ ਕਿਸਾਨ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਸ ਦੇ ਘਰ 'ਚ ਚਾਰੇ ਪਾਸੇ ਤੋਂ ਪਾਣੀ ਦਾਖਲ ਹੋ ਗਿਆ ਸੀ ਅਤੇ ਦਲ ਦਲ ਭਰੇ ਇਸ ਪਾਣੀ ਕਾਰਨ ਉਨ੍ਹਾਂ ਦੇ ਘਰ ਦੀ ਸੂਈ ਤੋਂ ਲੈ ਕੇ ਪੇਟੀ ਤੇ ਕਣਕ ਵਾਲੇ ਭੜੋਲੇ ਖ਼ਰਾਬ ਹੋ ਗਏ ਸਨ | ਇਸੇ ਤਰ੍ਹਾਂ ਹਰਭਜਨ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਵਿਚ ਹੜ੍ਹ ਦਾ ਪਾਣੀ ਵੜਨ ਨਾਲ ਸਿਰਫ਼ ਘਰ ਦਾ ਸਮਾਨ ਹੀ ਖ਼ਰਾਬ ਨਹੀਂ ਹੋਇਆ ਸਗੋਂ ਉਨ੍ਹਾਂ ਦੇ ਘਰ 'ਚ ਤਰੇੜਾਂ ਆਉਣ ਨਲ ਘਰ ਦੀ ਛੱਤ ਹੀ ਉਨ੍ਹਾਂ ਲਈ ਜਾਨ ਦਾ ਖੌ ਬਣ ਗਈ | ਇਸ ਕਰਕੇ ਉਨ੍ਹਾਂ ਨੂੰ ਮਜਬੂਰਨ ਕਰਜ ਲੈ ਕੇ ਹੋਰ ਕਮਰੇ ਰਹਿਣ ਲਈ ਬਣਾਉਣੇ ਪਏ | ਇਸੇ ਤਰ੍ਹਾਂ ਕਿਸਾਨ ਹਰਦੀਪ ਨੇ ਦੱਸਿਆ ਕਿ ਉਸ ਦੇ ਖੇਤ ਘੱਗਰ ਦੇ ਢਾਹੇ 'ਤੇ ਪੈਂਦੇ ਹਨ ਅਤੇ ਜ਼ਮੀਨ ਨਾਲ ਪੰਜਾਬ ਸਰਕਾਰ ਵਲੋਂ ਪੱਥਰ ਨਾ ਲਾਉਣ ਕਾਰਨ ਪਾਣੀ ਦੇ ਵਹਾਅ ਨਾਲ ਉਨ੍ਹਾਂ ਦੇ 3 ਏਕੜ ਖੇਤ 'ਚੋਂ ਮਿੱਟੀ ਵਹਿ ਗਈ ਸੀ ਅਤੇ ਫ਼ਸਲ ਖ਼ਰਾਬ ਹੋ ਗਈ ਸੀ ਮਜਬੂਰਨ ਉਨ੍ਹਾਂ ਨੂੰ ਦੁਬਾਰਾ ਫ਼ਸਲ ਪੈਦਾ ਕਰਨ ਲਈ 5 ਲੱਖ ਦੇ ਕਰੀਬ ਮਿੱਟੀ ਮੁੱਲ ਲੈ ਕੇ ਖੇਤ 'ਚ ਪਾਉਣੀ ਪਈ | ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਨੁਕਸਾਨ ਤੇ ਨੁਕਸਾਨ ਝੱਲਣਾ ਪੈ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਸਾਡੇ ਖੇਤ ਵਾਲੇ ਪਾਸੇ ਪੰਜਾਬ ਸਰਕਾਰ ਪੱਥਰ ਲਾਉਣ ਦਾ ਪ੍ਰਬੰਧ ਕਰੇ | ਉਪਰੋਕਤ ਸਾਰੇ ਕਿਸਾਨਾਂ ਨੇ ਹੜ੍ਹਾਂ ਦੀ ਮਾਰ ਘਟਾਉਣ ਲਈ ਸਰਕਾਰ ਤੋਂ ਠੋਸ ਪ੍ਰਬੰਧ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਪਾਕਿਸਤਾਨ ਦੀ ਟੈਲੀਵਿਜ਼ਨ ਅਦਾਕਾਰਾ ਆਇਸ਼ਾ ਖਾਨ ਦੀ ਲਾਸ਼ ਘਰ 'ਚੋਂ ਮਿਲੀ ਅਗਲੀ ਖ਼ਬਰ 150 ਤੋਂ ਵੱਧ ਨਸ਼ਾ ਤਸਕਰਾਂ ਦੀਆਂ ਜ਼ਮਾਨਤਾਂ ਕਰਾਉਣ ਵਾਲੇ ਰੇਨੂੰ ਕਾਂਤ ਗਰੋਹ ਦਾ ਪਰਦਾਫਾਸ਼, ਗਰੋਹ ਦੇ 9 ਮੈਂਬਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।