19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਹਲਕਾ ਸਨੌਰ 'ਚ ਬਦਲੇ ਸਿਆਸੀ ਸਮੀਕਰਨਾਂ ਨੇ ਪੁਰਾਣੇ ਹਾਲਾਤ ਯਾਦ ਕਰਵਾਏ

ਅਜੀਤ ਡੈਸਕ 04-09-2025
ਪਟਿਆਲਾ, 3 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਹਲਕਾ ਸਨੌਰ 'ਚ 'ਆਪ' ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਬਗ਼ਾਵਤ ਤੋਂ ਬਾਅਦ ਪਾਰਟੀ ਨਾਲੋਂ ਟੁੱਟਣ 'ਤੇ ਇਸ ਹਲਕੇ ਦੀ ਮੁੜ ਪੁਰਾਣੇ ਹਾਲਾਤਾਂ ਦੀ ਤਸਵੀਰ ਉਭਰਣ ਲੱਗੀ ਹੈ | ਅਕਸਰ ਇਸ ਹਲਕੇ ਵਿਚ ਵਿਧਾਇਕ, ਸੂਬੇ 'ਚ ਰਾਜ ਕਰਦੀ ਪਾਰਟੀ ਤੋਂ ਉਲਟ ਹੁੰਦਾ ਹੈ ਜਿਸ ਕਰਕੇ ਇਸ ਹਲਕੇ ਦੇ ਵਿਕਾਸ ਨੂੰ ਬਰੇਕਾਂ ਲੱਗੀਆਂ ਰਹਿੰਦੀਆਂ ਹਨ | ਇਸ ਵਾਰ ਇੱਥੇ ਸੂਬੇ 'ਚ ਰਾਜ ਕਰਦੀ ਆਦਮੀ ਪਾਰਟੀ ਵਲੋਂ ਹਰਮੀਤ ਸਿੰਘ ਪਠਾਣਮਾਜਰਾ ਚੁਣੇ ਗਏ ਸਨ ਜਿਸ ਕਰਕੇ ਪਾਰਟੀ ਦਾ ਧਾਕੜ ਪ੍ਰਤੀਨਿਧ ਹੋਣ ਕਾਰਨ ਵਿਕਾਸ ਕਾਰਜਾਂ ਦੀ ਖੜੋਤ ਟੁੱਟਦੀ ਨਜ਼ਰ ਆਉਣ ਲੱਗੀ ਸੀ ਪਰ ਹੁਣ ਜਦੋਂ 'ਆਪ' ਦੇ ਵਿਧਾਇਕ ਦਾ ਰਿਸ਼ਤਾ ਪਾਰਟੀ ਨਾਲੋ ਟੁੱਟ ਗਿਆ ਹੈ ਤਾਂ ਇਸ ਹਲਕੇ ਦੇ ਲੋਕਾਂ ਦੇ ਮਨਾਂ ਵਿਚ ਮੁੜ ਵਿਕਾਸ ਕਾਰਜਾਂ ਦੇ ਸਵਾਲ ਗੋਤੇ ਖਾਣ ਲੱਗ ਹਨ | ਜੇਕਰ ਸਾਲ 2007 ਦੀ ਗੱਲ ਕਰੀਏ ਤਾਂ ਉਸ ਵਕਤ ਇਸ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਲਾਲ ਸਿੰਘ ਜਿੱਤੇ ਜਦੋਂ ਕਿ ਸੂਬੇ ਵਿਚ ਸਰਕਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸੀ | ਇਸੇ ਤਰ੍ਹਾਂ ਹੀ 2012 ਵਿਚ ਮੁੜ ਲਾਲ ਸਿੰਘ ਹੀ ਚੁਣੇ ਗਏ ਅਤੇ ਸਰਕਾਰ ਵੀ ਸ਼੍ਰੋਮਣੀ ਅਕਾਲੀ ਦਲ ਹੀ ਰਹੀ | 2017 ਵਿਚ ਫੇਰ ਪੰਜਾਬ ਵਿਚ ਸਰਕਾਰ ਕਾਂਗਰਸ ਦੀ ਬਣੀ ਅਤੇ ਇੱਥੇ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਚੁਣੇ ਗਏ | ਇਸ ਤੋਂ ਬਾਅਦ 2022 ਵਿਚ ਆਮ ਆਦਮੀ ਪਾਰਟੀ ਦੀ ਸੂਬੇ ਵਿਚ ਸਰਕਾਰ ਬਣੀ ਅਤੇ ਇਸ ਵਿਚ ਹਰਮੀਤ ਸਿੰਘ ਪਠਾਣਮਾਜਰਾ ਮੋਹਰੀ ਵੋਟਾਂ ਨਾਲ ਜਿੱਤ ਕੇ ਵਿਧਾਇਕ ਬਣੇ | ਇਸ ਦੌਰਾਨ ਜਿੱਥੇ ਹਲਕੇ ਵਿਚ ਸੂਬੇ ਦੀ ਆਪਣੀ ਸਰਕਾਰ ਹੋਣ ਦਾ ਲਾਭ ਮਿਲਣਾ ਸ਼ੁਰੂ ਹੋਇਆ ਉੱਥੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਧਾਕੜ ਸੁਭਾਅ ਕਾਰਨ ਵਿਕਾਸ ਕਾਰਜ ਹੋਣ ਦੀ ਉਮੀਦ ਨੂੰ ਬੂਰ ਪੈਣ ਲੱਗਾ ਅਤੇ ਅੱਗੇ ਸਰਕਾਰ ਦੇ ਲਗਭਗ 2 ਸਾਲ ਬਾਕੀ ਰਹਿਣ ਕਰਕੇ ਲੋਕਾਂ ਵਿਚ ਇਹ ਉਮੀਦ ਹੋਰ ਭਾਰੂ ਹੋਈ ਸੀ ਕਿ ਇਸ ਹਲਕੇ ਦੇ ਬਕਾਇਆ ਕੰਮ ਤੇਜ਼ੀ ਨਾਲ ਹੋਣਗੇ ਪਰ ਹੁਣ ਪਠਾਣਮਾਜਰਾ ਦਾ ਪਾਰਟੀ ਤੋਂ ਕਿਨਾਰਾ ਹੋ ਗਿਆ ਹੈ ਜਿਸ ਕਰਕੇ ਇੱਥੇ ਚੁਣੇ ਵਿਧਾਇਕ ਦੀ ਮੁੜ ਗ਼ੈਰਹਾਜ਼ਰੀ ਬਣ ਗਈ ਹੈ | ਪਠਾਣਮਾਜਰਾ ਦੀ ਬਗ਼ਾਵਤ ਤੋਂ ਬਾਅਦ ਹਲਕਾ ਸਨੌਰ ਵਿਚ ਅਗਵਾਈ ਨੂੰ ਲੈ ਕੇ ਚਰਚਾ ਗਰਮਾਈ
ਆਪਣੀ ਪਾਰਟੀ 'ਤੇ ਸਵਾਲ ਖੜ੍ਹੇ ਕਰਨ ਉਪਰੰਤ ਹਰਮੀਤ ਸਿੰਘ ਪਠਾਣਮਾਜਰਾ ਦੀ ਪਾਰਟੀ ਨਾਲੋ ਟੁੱਟੀ ਰਿਸ਼ਤੇ ਦੀ ਤੰਦ ਤੋਂ ਬਾਅਦ ਹਲਕਾ ਸਨੌਰ ਵਿਚ ਸਿਆਸੀ ਹਲਚਲ ਜੋਰ ਫੜ੍ਹਦੀ ਜਾ ਰਹੀ ਹੈ | ਇਸ ਹਲਕੇ ਵਿਚ ਇੰਚਾਰਜ ਦੀ ਕਮਾਂਡ ਸੰਭਾਲਣ ਲਈ ਕਈ ਨਾਵਾਂ ਦੀ ਜਿੱਥੇ ਚਰਚਾ ਹੈ ਉੱਥੇ ਕਈ ਆਗੂ ਵੀ ਆਪਣੇ ਪੱਧਰ 'ਤੇ ਇਸ ਹਲਕੇ ਦੀ ਕਮਾਂਡ ਆਪਣੇ ਹੱਥਾਂ ਵਿਚ ਲੈਣ ਲਈ ਅੰਦਰਖਾਤੇ ਹੱਥ ਪੈਰ ਮਾਰਨ ਲੱਗੇ ਹਨ | ਇਸ ਚਰਚਾ ਵਿਚ ਸਭ ਤੋਂ ਮੋਹਰੀ ਤੌਰ 'ਤੇ ਦੋ ਨਾਵਾਂ ਦੀ ਚਰਚਾ ਹੈ | ਇਸ ਵਿਚ ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਅਤੇ ਚੇਅਰਮੈਨ ਪੰਜਾਬ ਐਗਰੋ ਫੂਡ ਗ੍ਰੇਨ ਕਾਰਪੋਰੇਸ਼ਨ ਲਿਮਟਿਡ ਬਲਜਿੰਦਰ ਸਿੰਘ ਢਿੱਲੋਂ ਜੋ ਸਾਊ ਅਤੇ ਇਮਾਨਦਾਰ ਸ਼ਖ਼ਸੀਅਤ ਦੇ ਮਾਲਕ ਹਨ | ਇਨ੍ਹਾਂ ਨੂੰ ਹਲਕੇ ਦੀ ਅਗਵਾਈ ਮਿਲਣ ਦੀ ਕਾਫੀ ਚਰਚਾ ਹੈ | ਇਸ ਤਰ੍ਹਾਂ ਦੂਜੇ ਆਗੂ ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦਾ ਨਾਂ ਵੀ ਇਸ ਅਗਵਾਈ ਨੂੰ ਲੈ ਕੇ ਮੁਹਰਲੀ ਕਤਾਰ ਵਿਚ ਬੋਲ ਰਿਹਾ ਹੈ | ਸਨੌਰ ਹਲਕੇ ਦੇ ਵਾਸੀ ਰਣਜੋਧ ਸਿੰਘ ਹਡਾਣਾ ਦੀ ਸ਼ਖ਼ਸੀਅਤ ਵੀ ਸਾਫ਼ ਸੁਥਰੀ ਅਤੇ ਨਿਮਰ ਸੁਭਾਅ ਦੀ ਮੰਨੀ ਜਾਂਦੀ ਹੈ | ਇਸ ਕਰਕੇ ਇਸ ਕਮਾਂਡ ਲਈ ਉਨ੍ਹਾਂ ਦੇ ਨਾਂ ਦੀਆਂ ਕਿਆਸ-ਆਰਾਈਆਂ ਲਗਾਈਆਂ ਜਾ ਰਹੀਆਂ ਹਨ | ਇਨ੍ਹਾਂ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਇੰਦਰਜੀਤ ਸਿੰਘ ਸੰਧੂ ਵੀ ਲੰਮੇ ਸਮੇਂ ਤੋਂ ਇਸ ਅਗਵਾਈ ਲਈ ਚਰਚਾ ਵਿਚ ਹਨ |

ਪਿਛਲੀ ਖ਼ਬਰ ਮੀਂਹ ਕਾਰਨ ਪਿੰਡ ਕਲੋਲੀ ਦੇ ਦੋ ਗ਼ਰੀਬ ਪਰਿਵਾਰਾਂ ਦੇ ਮਕਾਨਾਂ ਦੀਆਂ ਛੱਤਾਂ ਡਿੱਗੀਆਂ <br/> ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਆਪਣੇ ਵਿਧਾਇਕ ਦੀ ਜ਼ਲੀਲ ਕਰਨਾ ਨਿੰਦਣਯੋਗ-ਕਲਵਾਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।